India

“ਭਾਜਪਾ ਨੇ ਗੁਜਰਾਤ ਵਿੱਚ ਵਿਕਾਸ ਦੇ ਸਾਰੇ ਰਿਕਾਰਡ ਤੋੜੇ” ਅਮਿਤ ਸ਼ਾਹ,ਰਾਹੁਲ ਗਾਂਧੀ ਨੇ ਕਬੂਲੀ ਹਾਰ

ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਨਤੀਜਿਆਂ ‘ਤੇ ਗੁਜਰਾਤ ਦਾ ਧੰਨਵਾਦ ਕੀਤਾ ਹੈ ਤੇ ਸ਼ਾਨਦਾਰ ਚੋਣ ਨਤੀਜਿਆਂ ਲਈ ਖੁਸ਼ੀ ਜ਼ਾਹਿਰ ਕੀਤੀ ਹੈ । ਉਹਨਾਂ ਇਹ ਵੀ ਲਿਖਿਆ ਹੈ ਕਿ ਲੋਕਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਆਸ਼ੀਰਵਾਦ ਦਿੱਤਾ ਅਤੇ ਉਹ ਚਾਹੁੰਦੇ ਹਨ ਕਿ ਇਹ ਗਤੀ ਹੋਰ ਤੇਜ਼ ਰਫਤਾਰ ਨਾਲ ਜਾਰੀ ਰਹੇ।

ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਸਾਰੇ ਮਿਹਨਤੀ ਲੋਕਾਂ ਤੇ ਵਰਕਰਾਂ ਨੂੰ ਚੈਂਪੀਅਨ ਕਿਹਾ ਹੈ ਤੇ ਇਸ ਜਿੱਤ ਨੂੰ ਇਤਿਹਾਸਕ ਦੱਸਦੇ ਹੋਏ ਪਾਰਟੀ ਵਰਕਰਾਂ ਨੂੰ ਪਾਰਟੀ ਦੀ ਅਸਲ ਤਾਕਤ ਦੱਸਿਆ ਹੈ।

ਇਸ ਤੋਂ ਇਲਾਵਾ ਉਹਨਾਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਲੋਕਾਂ ਦੇ ਮੁੱਦੇ ਉਠਾਉਣ ਲਈ ਪਾਰਟੀ ਵੱਲੋਂ ਕੰਮ ਕੀਤੇ ਜਾਂਦੇ ਰਹਿਣਗੇ।

ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੀ ਜਨਤਾ ਅਤੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਭਾਜਪਾ ਨੇ ਗੁਜਰਾਤ ਵਿੱਚ ਇਤਿਹਾਸ ਰਚਿਆ ਹੈ । ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਗੁਜਰਾਤ ਨੇ ਹਮੇਸ਼ਾ ਇਤਿਹਾਸ ਰੱਚਿਆ ਹੈ। ਇਸ ਜਿੱਤ ਨੇ ਦਰਸਾ ਦਿੱਤਾ ਹੈ ਕਿ ਹਰ ਵਰਗ ਪੂਰੇ ਦਿਲ ਨਾਲ ਭਾਜਪਾ ਦੇ ਨਾਲ ਹੈ।

ਗ੍ਰਹਿ ਮੰਤਰੀ ਨੇ ਅੱਗੇ ਲਿਖਿਆ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਮੋਦੀ ਜੀ ਦੀ ਅਗਵਾਈ ਵਿੱਚ ਭਾਜਪਾ ਨੇ ਗੁਜਰਾਤ ਵਿੱਚ ਵਿਕਾਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਅੱਜ ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਜਿੱਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਗੁਜਰਾਤ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਇਸ ਜਿੱਤ ਬਾਰੇ ਪਹਿਲਾਂ ਤੋਂ ਹੀ ਯਕੀਨ ਸੀ। ਗੁਜਰਾਤ ਵਿੱਚ ਭਾਜਪਾ ਦਾ ਵਿਰੋਧ ਦਿੱਤਾ ਹੀ ਨਹੀਂ ਸੀ ਜਾ ਸਕਦਾ ਕਿਉਂਕਿ ਗੁਜਰਾਤ ਦੀ ਜਨਤਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਅਤੁੱਟ ਵਿਸ਼ਵਾਸ ਹੈ।

ਇਸ ਵਿਚਾਲੇ ਰਾਹੁਲ ਗਾਂਧੀ ਨੇ ਵੀ ਹਿਮਾਚਲ ਦੇ ਲੋਕਾਂ ਦਾ ਇਸ ਨਿਰਣਾਇਕ ਜਿੱਤ ਤਹਿ ਦਿਲੋਂ ਧੰਨਵਾਦ ਕੀਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਨੇ ਇਸ ਜਿੱਤ ਲਈ ਸਾਰੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਵੀ ਹਾਰਦਿਕ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਹਨਾਂ ਦੀ ਸਖ਼ਤ ਮਿਹਨਤ ਅਤੇ ਲਗਨ ਇਸ ਜਿੱਤ ਲਈ ਸ਼ੁਭਕਾਮਨਾਵਾਂ ਦੀ ਹੱਕਦਾਰ ਹੈ। ਉਹਨਾਂ ਆਮ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਨਾਲ ਕੀਤਾ ਹਰ ਵਾਅਦਾ ਜਲਦੀ ਪੂਰਾ ਕੀਤਾ ਜਾਵੇਗਾ।

ਗਾਂਧੀ ਨੇ ਗੁਜਰਾਤ ਚੋਣਾਂ ਵਿੱਚ ਮਿਲੀ ਹਾਰ ਦਾ ਵੀ ਜ਼ਿਕਰ ਕੀਤਾ ਹੈ ਤੇ ਮਿਲੇ ਜਨ ਆਦੇਸ਼ ਨੂੰ ਖਿੜੇ ਮੱਥੇ ਕਬੂਲ ਕਰਨ ਦੀ ਗੱਲ ਕਹੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਉਹ ਗੁਜਰਾਤ ਦੇ ਲੋਕਾਂ ਦੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਨ। ਉਹਨਾਂ ਦੁਬਾਰਾ ਪੁਨਰਗਠਨ ਕਰਨ ਤੇ ਸਖ਼ਤ ਮਿਹਨਤ ਕਰਨ ਦੀ ਗੱਲ ਵੀ ਆਖੀ ਹੈ ਤੇ ਦੇਸ਼ ਦੇ ਆਦਰਸ਼ਾਂ ਅਤੇ ਰਾਜ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣ ਦੀ ਵੀ ਹਾਮੀ ਭਰੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਜਿੱਤ ਹਰੇਕ ਵਰਕਰ ਅਤੇ ਲੀਡਰਸ਼ਿਪ ਦੀ ਮਿਹਨਤ ਲੱਗੀ ਹੈ ਤੇ ਇਹਨਾਂ ਸਾਰਿਆਂ ਨੂੰ ਸ਼ਾਨਦਾਰ ਜਿੱਤ ਲਈ ਬਹੁਤ-ਬਹੁਤ ਵਧਾਈਆਂ ।

ਇਸ ਤੋਂ ਇਲਾਵਾ ਹੋਰ ਕਾਂਗਰਸੀ ਨੇਤਾਵਾਂ ਨੇ ਵੀ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਹਰ ਪਾਰਟੀ ਵਰਕਰ, ਨੇਤਾ ਦੀ ਮਿਹਨਤ ਹੈ ਕਿ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਬਹੁਮਤ ਮਿਲਿਆ ਹੈ। ਹੁਣ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਜਨਤਾ ਨੂੰ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।

ਕਾਂਗਰਸੀ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਹਿਮਾਚਲ ਚੋਣ ਨਤੀਜਿਆਂ ਨੂੰ ਭਾਰਤੀ ਰਾਜਨੀਤੀ ਲਈ ਇੱਕ ਮੋੜ ਦੱਸਿਆ ਹੈ। ਉਹਨਾਂ ਆਪਣੇ ਟਵੀਟ ਵਿੱਚ ਦੇਵਭੂਮੀ ਹਿਮਾਚਲ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ,ਜੋ ਬੀਜੇਪੀ ਦੇ ਖਿਲਾਫ ਖੜੇ ਹੋਏ ਸੀ। ਉਹਨਾਂ ਪਾਰਟੀ ਦੇ ਹਰ ਵਰਕਰ ਨੂੰ ਇਸ ਜਿੱਤ ‘ਤੇ ਵਧਾਈ ਦਿੱਤੀ ਹੈ ।

ਆਪ ਦੇ ਬੁਲਾਰੇ ਮਾਨਵਿੰਦਰ ਕੰਗ ਨੇ ਆਪ ਦੇ 10 ਸਾਲ ਦੇ ਸਿਆਸੀ ਸਫਰ ਨੂੰ ਸ਼ਾਨਦਾਰ ਦੱਸਿਆ ਹੈ । ਇੱਕ ਟਵੀਟ ਵਿੱਚ ਉਹਨਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਸਿਰਫ 10 ਸਾਲਾਂ ਦੇ ਅੰਦਰ, ‘ਆਪ’ ਨੇ ਦਿੱਲੀ ਅਤੇ ਪੰਜਾਬ ਨੂੰ ਭਾਰੀ ਜਨਾਦੇਸ਼ ਨਾਲ ਜਿੱਤਿਆ ਹੈ। ਗੁਜਰਾਤ ਵਿੱਚ ਆਪਣੀ ਪਹਿਲੀ ਵਾਰ ਹੀ ਇਸ ਛੋਟੀ ਜਿਹੀ ਪਾਰਟੀ ਨੇ 37 ਲੱਖ ਤੋਂ ਵੱਧ ਵੋਟਾਂ ਲਈਆਂ ਹਨ ,ਜਿਸ ਨਾਲ ‘ਆਪ’ ਨਾ ਸਿਰਫ ਇੱਕ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ ਬਣ ਗਈ ਹੈ, ਸਗੋਂ ਇੱਕ ਕੁਦਰਤੀ ਰਾਸ਼ਟਰੀ ਵਿਕਲਪ ਵੀ ਬਣ ਗਈ ਹੈ।

ਸੋ ਇਸ ਤਰਾਂ ਕੁੱਲ ਮਿਲਾ ਕੇ ਇਹ ਚੋਣ ਨਤੀਜੇ ਕਾਫੀ ਦਿਲਚਸਪ ਬਣੇ ਰਹੇ ਤੇ ਸਿਆਸੀ ਹਲਕਿਆਂ ਵਿੱਚ ਵੀ ਭਾਰੀ ਉਥਲ -ਪੁਥਲ ਮੱਚੀ । ਕਿਸੇ ਦੇ ਦਾਅਵਿਆਂ ਦੀ ਹਵਾ ਨਿਕਲੀ ਤੇ ਕਿਸੇ ਪਾਸੇ ਰਿਕਾਰਡ ਟੁੱਟੇ ਹਨ ਤੇ ਕਈ ਪਾਸੇ ਹਾਰ ਤੋਂ ਬਾਅਦ ਵੀ ਸਕੂਨ ਦੇਖਣ ਨੂੰ ਮਿਲਿਆ ਹੈ।