ਗੁਰਦਾਸਪੁਰ : ਆਏ ਦਿਨ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਇਸੇ ਦੌਰਾਨ ਗੁਰਦਾਸਪੁਰ ਦੇ ਪਿੰਡ ਤਲਵੰਡੀ ਵਿਰਕ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਟਰੈਕਟਰ ਦੀਆਂ ਤਵੀਆਂ ‘ਚ ਵੱਜਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਧੁਪਸੜੀ ਦੇ ਰਹਿਣ ਵਾਲੇ ਨੌਜਵਾਨ ਹੀਰਾ ਚੰਦ ਦੀ ਧਾਰੀਵਾਲ ਦੇ ਪਿੰਡ ਪੀਰ ਦੀ ਸੈਨ ਬਾਈਪਾਸ ਨੇੜੇ ਟਰੈਕਟਰ ਦੀਆਂ ਤਵੀਆ ਨਾਲ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ। ਇਲਾਜ਼ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜ ਅਤੇ ਟਰੈਕਟਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਹੀਰਾ ਚੰਦ ਆਪਣੇ ਦੋਸਤ ਨਾਲ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਤਲਵੰਡੀ ਵਿਰਕ ਗਿਆ ਸੀ ਜਦੋਂ ਉਹ ਵਾਪਿਸ ਆ ਰਿਹਾ ਸੀ ਤਾਂ ਧਾਰੀਵਾਲ ਦੇ ਪਿੰਡ ਪੀਰ ਦੀ ਸੈਨ ਬਾਈਪਾਸ ਨੇੜੇ ਇਕ ਟ੍ਰੈਕਟਰ ਚਾਲਕ ਨੇ ਉਸ ਨੂੰ ਸਾਈਡ ਮਾਰ ਦਿੱਤੀ ਅਤੇ ਟਰੈਕਟਰ ਦੇ ਮਗਰ ਲੱਗੀਆਂ ਤਵੀਆਂ ਉਸ ਦੇ ਪੇਟ ਵਿੱਚ ਵੱਜਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਟਰੈਕਟਰ ਚਾਲਕ ਦੀ ਗਲਤੀ ਨਾਲ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਟਰੈਕਟਰ ਚਾਲਕ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਟਰੈਕਟਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟਰੈਕਟਰ ਚਾਲਕ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।