ਬਿਊਰੋ ਰਿਪੋਰਟ : ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਨੂੰ ਲੈਕੇ ਕੀਤੇ ਗਏ ਪੰਥ ਵਿਰੋਧੀ ਫੈਸਲਿਆਂ ਦੇ ਖਿਲਾਫ਼ ਸਖ਼ਤ ਆਦੇਸ਼ ਸੁਣਾਏ ਗਏ ਹਨ । ਮੌਜੂਦਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਅਤੇ ਜਨਰਲ ਸਕੱਤਰ ਰਾਜਾ ਸਿੰਘ ਨੂੰ ਤਨਖਾਹੀਆਂ ਕਰਾਰ ਦਿੰਦੇ ਹੋਏ ਪੁਰਾਣੀ ਕਮੇਟੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੱਕ ਪ੍ਰਬੰਧ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 15 ਜਨਵਰੀ ਤੋਂ ਪਹਿਲਾਂ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਸ਼੍ਰੀ ਅਕਾਲ ਤਖ਼ਤ ਵੱਲੋਂ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਹੁਕਮਾਂ ਦੇ ਬਾਵਜੂਦ ਪਟਨਾ ਸਾਹਿਬ ਕੰਪਲੈਕਸ ਖਾਲੀ ਨਾ ਕਰਨ ‘ਤੇ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ ਅਤੇ ਆਦੇਸ਼ ਦਿੱਤਾ ਕਿ ਜਦੋਂ ਤੱਕ ਉਹ ਸ਼੍ਰੀ ਅਕਾਲ ਤਖ਼ਤ ਪੇਸ਼ ਨਹੀਂ ਹੁੰਦੇ ਹਨ ਉਦੋਂ ਤੱਕ ਉਨ੍ਹਾਂ ਨਾਲ ਸਾਂਝ ਨਾ ਰੱਖੀ ਜਾਵੇ। ਇਸ ਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਨੇ ਇੰਦਰਜੀਤ ਸਿੰਘ ਨੂੰ ਵੀ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਦੀ ਮੁੜ ਬਹਾਲੀ ਦੇ ਇਲਜ਼ਾਮ ਵਿੱਚ ਤਨਖਾਹੀਆਂ ਕਰਾਰ ਦਿੱਤਾ ਹੈ ਅਤੇ ਗੌਹਰ ਦੀਆਂ ਸੇਵਾਵਾਂ ਵੀ ਤਤਕਾਲ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਤਖ਼ਤ ਪਟਨਾ ਸਾਹਿਬ ਵਿੱਚ ਸੇਵਾਵਾਂ ਨਿਭਾ ਰਹੇ ਸੇਵਾਦਾਰਾਂ ਅਤੇ ਗ੍ਰੰਥੀ ਸਿੰਘਾਂ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਤੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਐਕਸ਼ਨ ਲਿਆ ਹੈ ।
ਤਖ਼ਤ ਪਟਨਾ ਸਾਹਿਬ ਦੇ ਸੇਵਾਦਾਰਾਂ ਦਾ ਹੋਵੇਗਾ ਡੋਪ ਟੈਸਟ
ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਪਟਨਾ ਸਾਹਿਬ ਦੇ ਸੇਵਾਦਾਰਾਂ ਦਾ ਡੋਪ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਹਨ,ਲੰਮੇ ਵਕਤ ਤੋਂ ਸੰਗਤਾਂ ਵੱਲੋਂ ਸੇਵਾਦਾਰਾਂ ਦੇ ਨਸ਼ਾ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਬਲਦੇਵ ਸਿੰਘ ਦੇ ਖਿਲਾਫ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਨ੍ਹਾਂ ਨੂੰ ਪੰਜ ਬਾਣੀਆਂ ਕੰਠ ਨਹੀਂ ਹੈ ਜਿਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜ ਪਿਆਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰੰਥੀ ਬਲਦੇਵ ਸਿੰਘ ਕੋਲੋ ਪੰਜ ਬਾਣੀਆਂ ਦਾ ਪਾਠ ਸੁਣਨ ਜੇਕਰ ਉਹ ਨਹੀਂ ਸੁਣਾਉਂਦੇ ਹਨ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ।ਪਟਨਾ ਸਾਹਿਬ ਦੇ ਗ੍ਰੰਥੀ ਗੁਰਦਿਆਲ ਸਿੰਘ ਨੂੰ ਵੀ ਫੌਰਨ ਹਟਾਉਣ ਦੇ ਨਿਰਦੇਸ਼ ਦਿੰਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਹੁਣ ਤੱਕ ਜਿਹੜੀਆਂ ਵੀ ਗੜਬੜੀਆਂ ਹੋਈਆਂ ਹਨ ਉਸ ਦੇ ਪਿੱਛੇ ਉਹ ਹੀ ਜਿੰਮੇਦਾਰ ਹਨ ।
ਮਹਿੰਦਰ ਸਿੰਘ ਤੇ ਰਾਜਾ ਸਿੰਘ ਨੂੰ ਸਜ਼ਾ
ਕੁਝ ਦਿਨ ਪਹਿਲਾਂ ਹੀ ਮਹਿੰਦਰ ਸਿੰਘ ਨੂੰ ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਅਤੇ ਰਾਜਾ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਸੀ । ਜਿਸ ਤੋਂ ਬਾਅਦ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਮੁੜ ਤੋਂ ਤਖ਼ਤ ਪਟਨਾ ਸਾਹਿਬ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਨਰਾਜ਼ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਤਲਬ ਕੀਤਾ ਗਿਆ ਸੀ। ਜਨਰਲ ਸਕੱਤਰ ਰਾਜਾ ਸਿੰਘ ਤੋਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤੀ ਨਾਲ ਪੁੱਛਿਆ ਕਿ ਜਦੋਂ ਗਿਆਨ ਇਕਬਾਲ ਸਿੰਘ ਨੂੰ ਜਥੇਦਾਰ ਤੋਂ ਹਟਾ ਦਿੱਤਾ ਗਿਆ ਸੀ ਤਾਂ ਆਖਿਰ ਕਿਵੇਂ ਉਹ 50 ਲੋਕਾਂ ਦੇ ਨਾਲ ਮਿਲਕੇ ਇਕਬਾਲ ਸਿੰਘ ਨੂੰ ਅੰਦਰ ਲੈਕੇ ਗਏ ? ਗਿਆਨੀ ਹਰਪ੍ਰੀਤ ਸਿੰਘ ਨੇ ਬੋਰਡ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵਿੱਚ ਤਨਖਾਹੀਆਂ ਕਰਾਰ ਹਰਬੰਸ ਸਿੰਘ ਦੀ ਸ਼ਮੂਲੀਅਤ ਨੂੰ ਲੈਕੇ ਵੀ ਸਵਾਲ ਚੁੱਕਿਆ । ਜਿਸ ਦੇ ਜਵਾਬ ਵਿੱਚ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਪੰਜ ਪਿਆਰੀਆਂ ਨੇ ਕੁਝ ਦੇਰ ਲਈ ਉਨ੍ਹਾਂ ਨੂੰ ਬੋਰਡ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ। ਜਥੇਦਾਰ ਨੇ ਇਸ ਨੂੰ ਹਾਸੌਹੀਣ ਦੱਸ ਦੇ ਹੋਏ ਪ੍ਰਧਾਨ ਤੋਂ ਪੰਜ ਪਿਆਰਿਆਂ ਦੀ ਇਜਾਜ਼ਤ ਵਾਲੀ ਚਿੱਠੀ ਮੰਗੀ ਤਾਂ ਜਥੇਦਾਰ ਸਾਹਿਬ ਨੇ ਕਿਹਾ ਹਰਬੰਸ ਸਿੰਘ ਨੂੰ ਸਿਰਫ਼ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਬਣਾਉਣ ਦੀ ਕਮੇਟੀ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਦਿੱਤਾ ਸੀ ਨਾਕਿ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ । ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਜਨਰਲ ਸਕੱਤਰ ਰਾਜਾ ਸਿੰਘ ਅਤੇ ਪ੍ਰਧਾਨ ਮਹਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਦਿਨ 1 ਘੰਟੇ ਜੋੜੇ,1 ਘੰਟੇ ਭਾਂਡੇ ਦੀ ਸੇਵਾ ਅਤੇ 1 ਘੰਟੇ ਕੀਰਤਨ ਸੁਣਨ ਦੇ ਨਾਲ 5 ਜਪਜੀ ਸਾਹਿਬ ਦੇ ਪਾਠ ਕਰਨ ਦੀ ਨਿਰਦੇਸ਼ ਦਿੱਤੇ ਹਨ ।