‘ਦ ਖ਼ਾਲਸ ਬਿਊਰੋ : ਹਰਿਆਣਾ ਵਿੱਚ ਹੁਣ ਦਸ ਸਾਲ ਡੀਜ਼ਲ ਵਾਲੇ ਵਾਹਨ ਸੜਕਾਂ ਉੱਤੇ ਦੌੜ ਸਕਣਗੇ। ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸੂਬੇ ਵਿੱਚ ਹਰਿਆਣਾ ਵਾਹਨ ਸਕਰੈਪ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ 22 ਦਸੰਬਰ ਤੋਂ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਸੱਦ ਲਿਆ ਹੈ। ਇਸ ਦੌਰਾਨ ਨਵੀਂ ਹਰਿਆਣਾ ਆਤਮਨਿਰਭਰ ਟੈਕਸਟਾਈਲ ਨੀਤੀ 2022-25 ਅਤੇ ਜਬਰੀ ਧਰਮ ਪਰਿਵਰਤਨ ਐਕਟ-2022 ਸਬੰਧੀ ਨਿਯਮ ਵੀ ਬਣਾਏ ਗਏ।
ਖੱਟਰ ਨੇ ਕਿਹਾ ਕਿ ਸੂਬੇ ਵਿੱਚ ਹਰਿਆਣਾ ਵਾਹਨ ਸਕਰੈਪ ਨੀਤੀ ਲਾਗੂ ਹੋਣ ਮਗਰੋਂ ਡੀਜ਼ਲ ਵਾਹਨ ਚਲਾਉਣ ਦੀ ਸਮਾਂ-ਸੀਮਾ 10 ਸਾਲ ਅਤੇ ਪੈਟਰੋਲ ਵਾਲੇ ਵਾਹਨਾਂ ਨੂੰ ਚਲਾਉਣ ਦੀ ਹੱਦ 15 ਸਾਲ ਹੋਵੇਗੀ। ਇਸ ਤੋਂ ਬਾਅਦ ਵਾਹਨਾਂ ਨੂੰ ਨਸ਼ਟ ਕੀਤਾ ਜਾਵੇਗਾ। ਸ੍ਰੀ ਖੱਟਰ ਨੇ ਕਿਹਾ ਕਿ ਸਕਰੈਪ ਨੀਤੀ ਤਹਿਤ ਵਾਹਨ ਦੇ ਨਸ਼ਟ ਕੀਤੇ ਜਾਣ ਤੋਂ ਬਾਅਦ ਨਵੇਂ ਵਾਹਨ ’ਤੇ 10 ਫ਼ੀਸਦ ਤੱਕ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਵੇਂ ਵਾਹਨ ਨੂੰ ਰਜਿਸਟਰੇਸ਼ਨ ਕਰਵਾਉਣ ਸਮੇਂ ਰਜਿਸਟਰੇਸ਼ਨ ਫੀਸ ’ਤੇ 25 ਫ਼ੀਸਦ ਦੀ ਛੋਟ ਦਿੱਤੀ ਜਾਵੇਗੀ। ਜਦੋਂਕਿ ਵਾਹਨਾਂ ਦੀ ਫਿਟਨੈੱਸ ਲਈ ਕੇਂਦਰੀ ਮੋਟਰ ਵਾਹਨ ਨਿਯਮ ਤਹਿਤ ਇੱਕ-ਇੱਕ ਰੁਪਏ ਦੀ ਦਰ ਨਾਲ ਵਾਤਾਵਰਨ ਟੈਕਸ ਅਤੇ ਰੋਡ ਟੈਕਸ ਵਸੂਲਿਆ ਜਾਵੇਗਾ।
ਟੈਕਸਟਾਈਲ ਨੀਤੀ 2022-25 ਤਹਿਤ 20 ਹਜ਼ਾਰ ਨਵੇਂ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣਗੇ। ਇਸ ਨੀਤੀ ਨੂੰ ਤਿੰਨ ਸਾਲਾਂ ਲਈ ਲਾਗੂ ਕੀਤਾ ਜਾਵੇਗਾ। ਕੈਬਨਿਟ ਮੀਟਿੰਗ ਵਿੱਚ 24 ਘੰਟੇ ਐਮਰਜੈਂਸੀ ਰਿਸਪਾਂਸ ਵਹੀਕਲ ਚਲਾਉਣ ਲਈ 1500 ਡਰਾਈਵਰ ਅਤੇ 205 ਆਯੂਸ਼ ਡਾਕਟਰਾਂ ਦੀ ਭਰਤੀ ਕਰਨ ਲਈ ਪ੍ਰਵਾਨਗੀ ਦਿੱਤੀ ਗਈ। ਕੈਬਨਿਟ ਨੇ ਕਾਰ ਗਿੱਲ ਦੀ ਜੰਗ ਦੇ ਸ਼ਹੀਦ ਸਿਪਾਹੀ ਵਰਿੰਦਰ ਕੁਮਾਰ ਦੀ ਮਾਤਾ ਲੀਲਾ ਦੇਵੀ ਨੂੰ 200 ਗਜ਼ ਥਾਂ ਦੇਣ ਦਾ ਫ਼ੈਸਲਾ ਕੀਤਾ ਗਿਆ।
ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜੇਜੇਪੀ ਦੇ ਸੀਨੀਅਰ ਆਗੂ ਦੁਸ਼ਿਅੰਤ ਚੌਟਾਲਾ ਨੇ ਦਾਅਵਾ ਕਰਦਿਆਂ ਕਿਹਾ ਕਿ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਭਰ ਵਿੱਚੋਂ ਕਾਂਗਰਸ ਪਾਰਟੀ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚਲੀ ਧੜੇਬਾਜ਼ੀ ਸਿਖਰਾਂ ’ਤੇ ਹੈ ਇਸ ਵੇਲੇ ਰਾਹੁਲ ਗਾਂਧੀ ਨੂੰ ‘ਭਾਰਤ ਜੋੜੋ ਯਾਤਰਾ’ ਦੀ ਥਾਂ ਕਾਂਗਰਸ ਨੂੰ ਬਚਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਚੌਟਾਲਾ ਅੱਜ ਇਥੇ ਪਾਰਟੀ ਦਫ਼ਤਰ ਵਿੱਚ ਪੰਜ ਵਾਰ ਵਿਧਾਨ ਸਭਾ ਹਲਕਾ ਏਲਨਾਬਾਦ ਤੋਂ ਵਿਧਾਇਕ ਰਹੇ ਭਾਗੀਰਾਮ ਤੇ ਦੋ ਇਨੈਲੋ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਐੱਚਐੱਲਆਰਡੀਸੀ ਦੇ ਸਾਬਕਾ ਚੇਅਰਮੈਨ ਅਸ਼ੋਰ ਵਰਮਾ ਅਤੇ ਇਨੈਲੋ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਸੁਨੀਲ ਯਾਦਵ ਨੇ ਵੀ ਜੇਜੇਪੀ ਦਾ ਪੱਲਾ ਫੜਿਆ।