‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਚੋਰੀ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਅੱਜ 29 ਜੁਲਾਈ ਨੂੰ ਮੁਹਾਲੀ ਦੀ ਅਦਾਲਤ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਇਹ ਸੁਣਵਾਈ CBI ਵੱਲੋਂ ਦਾਇਰ ਕੀਤੀ ਪਟੀਸ਼ਨ ‘ਤੇ ਹੋਵੇਗੀ, ਕਿਉਂਕਿ CBI ਨੇ ਦਾਅਵਾ ਕੀਤਾ ਹੈ ਕਿ ਬਰਗਾੜੀ ਕੇਸ ਹਾਲੇ ਵੀ CBI ਦੀ ਜਾਂਚ ਟੀਮ ਦੇ ਕੋਲ ਹੀ ਹੈ।
ਪਿਛਲੀ ਸੁਣਵਾਈ ਦੌਰਾਨ CBI ਨੇ ਅਦਾਲਤ ਵਿੱਚ ਪੰਜਾਬ ਪੁਲਿਸ ਦੀ SIT ਦੀ ਵਿਸ਼ੇਸ਼ ਜਾਂਚ ਟੀਮ ਦਾ ਜੰਮ ਕੇ ਵਿਰੋਧ ਕੀਤਾ ਸੀ ਅਤੇ ਪੰਜਾਬ ਪੁਲਿਸ ਦੀ SIT ਦੀ ਵਿਸ਼ੇਸ਼ ਜਾਂਚ ਟੀਮ ‘ਤੇ ਸੁਆਲ ਚੁੱਕਦਿਆਂ ਕਿਹਾ ਸੀ ਕਿ ਇੱਕ ਸਮੇਂ ਵਿੱਚ 2 ਏਂਜੰਸੀਆਂ ਕਿਵੇ ਜਾਂਚ ਕਰ ਸਕਦੀਆਂ ਹਨ। 20 ਜੁਲਾਈ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਫੈਸਲਾ ਸੁਣਾਉਦਿਆਂ SIT ਨੂੰ ਜਾਂਚ ਜਾਰੀ ਰੱਖਣ ਦੇ ਹੁਕਮ ਦੇ ਦਿੱਤੇ ਸਨ।
2015 ‘ਚ ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਰਨ ਦੇ ਮਾਮਲੇ ‘ਚ SIT ਵੱਲੋਂ ਕੀਤੀ ਜਾਂਚ-ਪੜਤਾਲ ਦੌਰਾਨ 5 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ 27 ਜੁਲਾਈ ਨੂੰ ਫਰੀਦਕੋਟ ਅਦਾਲਤ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਮਾਮਲੇ ਵਿੱਚ ਮੁੱਖ ਤੌਰ ‘ਤੇ ਬਲਾਤਕਾਰੀ ਅਤੇ ਕਾਤਲ ਰਾਮ ਰਹੀਮ ਦਾ ਨਾਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਹੀ CBI ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ SIT ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ।