ਅਮਰੀਕਾ : ਸੱਤ ਸਮੁੰਦਰੋਂ ਪਾਰ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਰਹਿੰਦੇ ਭਾਰਤੀਆਂ ਦੇ ਖਾਣੇ ਦੀ ਮੇਜ ਤੋਂ ਗਰਮ ਰੋਟੀਆਂ ਗਾਇਬ ਹੋ ਗਈਆਂ ਹਨ। ਅਜਿਹਾ ਭਾਰਤ ਸਰਕਾਰ ਵਲੋਂ ਲਾਈ ਗਈ ਪਾਬੰਦੀ ਦੇ ਕਾਰਨ ਹੋਇਆ ਹੈ।
ਦਰਅਸਲ ਮਈ 2022 ਨੂੰ ਭਾਰਤ ਸਰਕਾਰ ਨੇ ਆਟੇ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ,ਜਿਸ ਦਾ ਸਿੱਧਾ ਅਸਰ ਅਮਰੀਕਾ ਵਰਗੇ ਵਿਕਸਤ ਮੁਲਕਾਂ ਵਿੱਚ ਵਸਣ ਵਾਲੇ ਭਾਰਤੀਆਂ ਤੇ ਪਿਆ ਸੀ,ਜਿਹੜੇ ਤਾਜ਼ੀਆਂ ਤੇ ਗਰਮ ਰੋਟੀਆਂ ਖਾਣ ਦੇ ਸ਼ੁਕੀਨ ਹਨ।
ਅਮਰੀਕਾ ਵਿੱਚ ਹਰ ਸਾਲ 3.60 ਕੁਇੰਟਲ ਤੋਂ ਜਿਆਦਾ ਆਟੇ ਦੀ ਖਪਤ ਹੁੰਦੀ ਹੈ ਤੇ ਇਸ ਦਾ ਵੱਡਾ ਹਿੱਸਾ ਭਾਰਤ ਤੋਂ ਆਉਂਦਾ ਹੈ। ਅਪ੍ਰੈਲ-ਮਈ ਵਿੱਚ ਦੁਗਣਾ ਹੋ ਗਿਆ,ਜਿਸ ਕਾਰਨ ਭਾਰ ਵਿੱਚ ਇਸ ਦੇ ਰੇਟ ਵੱਧ ਗਏ। ਜਿਹਨਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਕੀਮਤਾਂ ਨੂੰ ਕਾਬੂ ਹੇਠ ਰੱਖਣ ਲਈ ਪਾਬੰਦੀ ਲਗਾਉਣ ਦਾ ਫੈਸਲਾ ਕਰ ਲਿਆ।’
ਜਿਸ ਦਾ ਨਤੀਜਾ ਇਹ ਹੋਇਆ ਕਿ ਅਮਰੀਕਾ ਦੇ ਸਟੋਰਾਂ ਵਿੱਚ ਭਾਰਤੀ ਆਟੇ ਦੀ ਭਾਰੀ ਕਿਲਤ ਹੋ ਗਈ। ਹਾਲਾਂਕਿ ਅਮਰੀਕੀਆਂ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ,ਕਿਉਂਕਿ ਉਹ ਮੈਦਾ ਵਰਤਦੇ ਹਨ ਪਰ ਉਥੇ ਵਸਣ ਵਾਲੇ ਉਹ ਭਾਰਤੀ ਕਾਫੀ ਪਰੇਸ਼ਾਨ ਹੋ ਗਏ,ਜੋ ਭਾਰਤੀ ਆਟੇ ਤੋਂ ਬਣੀ ਰੋਟੀ ਖਾਣੀ ਪਸੰਦ ਕਰਦੇ ਹਨ।
ਹੁਣ ਹਾਲਾਤ ਇਹ ਬਣ ਗਏ ਹਨ ਕਿ ਅਮਰੀਕਾ ਵਿੱਚ ਆਟੇ ਦੀ ਬਹੁਤ ਕਿਲਤ ਹੋ ਗਈ ਹੈ ਤੇ ਕਈ ਦੁਕਾਨਦਾਰ ਦੁਗਣੀ-ਤਿਗਣੀ ਕੀਮਤ ਤੇ ਆਟਾ ਵੇਚ ਰਹੇ ਹਨ ਤੇ ਕਈ ਦੁਕਾਨਦਾਰਾਂ ਨੇ ਤਾਂ ਬਾਹਰ ‘ਨੋ ਆਟਾ’ ਦਾ ਬੋਰਡ ਵੀ ਲਗਾ ਦਿੱਤਾ ਹੈ । ਹੁਣ ਕਈ ਲੋਕ ਮਜਬੂਰੀ ਵਿੱਚ ਫਰੋਜ਼ਨ ਰੋਟੀਆਂ ਤੇ ਪਰੋਂਠਿਆਂ ਨਾਲ ਡੰਗ ਟਪਾ ਰਹੇ ਹਨ ਪਰ ਉਹਨਾਂ ਦੇ ਰੇਟ ਵੀ ਆਸਮਾਨੀ ਚੜੇ ਹੋਏ ਹਨ।
ਦੁਕਾਨਦਾਰਾਂ ਦਾ ਵੀ ਇਹ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਆਟੇ ਦੀ ਇਸ ਤਰਾਂ ਨਾਲ ਕਿੱਲਤ ਹੋਈ ਹੋਵੇ। ਲੋਕ ਦੁਕਾਨਦਾਰਾਂ ‘ਤੇ ਭੜਕ ਰਹੇ ਹਨ। ਉਧਰ ਲੋਕਾਂ ਦਾ ਕਹਿਣਾ ਹੈ ਕਿ ਮੌਕੇ ਦਾ ਫਾਇਦਾ ਚੁੱਕਣ ਵਿੱਚ ਦੁਕਾਨਦਾਰ ਵੀ ਪਿਛੇ ਨਹੀਂ ਹਨ,ਉਹਨਾਂ ਨੇ ਵੀ ਆਟੇ ਦੇ ਰੇਟ ਦੁਗਣੇ-ਤਿਗਣੇ ਕੀਤੇ ਹੋਏ ਹਨ।
ਹਾਲ ਦੀ ਘੜੀ ਕੈਨੇਡਾ ਤੋਂ ਅਮਰੀਕਾ ਆਟੇ ਦੀ ਸਪਲਾਈ ਹੋ ਰਹੀ ਹੈ। ਉਧਰ ਅਮਰੀਕੀ ਅਧਿਕਾਰੀਆਂ ਨੇ ਇਸ ਕਿੱਲਤ ਦੇ ਜਲਦੀ ਖ਼ਤਮ ਹੋਣ ਦੀ ਉਮੀਦ ਜਤਾਈ ਹੈ ਕਿਉਂਕਿ ਆਟੇ ਨੂੰ ਦਰਾਮਦ ਕਰਨ ਦੀ ਭਾਰਤੀ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਹੈ।