Punjab

ਪੰਜਾਬ ਪੁਲਿਸ ਨੇ ਪਿੰਡ- ਪਿੰਡ ‘ਚ ਲਗਾਏ ਖਾਸ ਬਕਸੇ, ਚਾਬੀ ਮੁਨਸ਼ੀ ਕੋਲ

The Punjab Police has installed special boxes in the villages, the keys are with Munshi

ਮੁਹਾਲੀ :  ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਖ਼ਿਲਾਫ਼ ਪੰਜਾਬ ਪੁਲਿਸ ਨੇ ਸਖ਼ਤੀ ਦੇ ਰੌਂਅ ਵਿੱਚ ਹੈ। ਸੂਬੇ ਵਿੱਚ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਅਹਿਮ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਦੌਰਾਨ ਪੰਜਾਬ ਦੇ ਜਿਲ੍ਹੇ ਮੁਹਾਲੀ ਵਿੱਚ ਨਸ਼ਿਆਂ ਅਤੇ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਨੇ ਨਿਵੇਕਲੀ ਪਹਿਲ ਕੀਤੀ ਹੈ।

ਲਾਂਡਰਾਂ-ਸਰਹਿੰਦ ਮਾਰਗ ਅਤੇ ਨੇੜਲੇ ਕਰੀਬ ਦੋ ਦਰਜਨ ਪਿੰਡਾਂ ਵਿੱਚ ਮਜਾਤ ਪੁਲਿਸ ਚੌਕੀ ਦੇ ਇੰਚਾਰਜ ਕਮਲ ਤਨੇਜਾ ਵੱਲੋਂ ਪੁਲਿਸ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਤੇ ਸੁਝਾਅ ਦੇਣ ਅਤੇ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਗੁਪਤ ਸੂਚਨਾ ਦੇਣ ਲਈ ਵਿਸ਼ੇਸ਼ ਬਕਸੇ ਲਗਾਏ ਗਏ ਹਨ ਜਿਸ ਦੀ ਚਾਬੀ ਪੁਲਿਸ ਚੌਕੀ ਇੰਚਾਰਜ ਅਤੇ ਮੁਨਸ਼ੀ ਕੋਲ ਹੀ ਹੁੰਦੀ ਹੈ।

ਪੁਲਿਸ ਚੌਕੀ ਦੇ ਇੰਚਾਰਜ ਕਮਲ ਤਨੇਜਾ ਨੇ ਦੱਸਿਆ ਕਿ ਸ਼ਿਕਾਇਤ ਤੇ ਸੁਝਾਅ ਬਕਸਿਆਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਗੁਪਤ ਸੂਚਨਾਵਾਂ ਨੂੰ ਆਧਾਰ ਬਣਾ ਕੇ ਹੁਣ ਤੱਕ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਈ ਪਰਚੇ ਦਰਜ ਕੀਤੇ ਜਾ ਚੁੱਕੇ ਹਨ। ਉਂਝ ਕਈ ਲਾਗ-ਡਾਟ ਅਤੇ ਕੁਝ ਝੂਠੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿੱਚ ਬਕਸਾ ਲਗਾਉਣ ਤੋਂ ਪਹਿਲਾਂ ਮੋਹਤਬਰਾਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ੍ਹਦਾ। ਉਨ੍ਹਾਂ ਨੇ ਦੱਸਿਆ ਕਿ ਹਫ਼ਤੇ ਬਾਅਦ ਇਨ੍ਹਾਂ ਸ਼ਿਕਾਇਤ , ਸੁਝਾਅ ਬਕਸਿਆਂ ਨੂੰ ਖੋਲ੍ਹਿਆ ਜਾਂਦਾ ਹੈ।

ਮੁਹਾਲੀ ਦੇ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੁਲਿਸ ਦੀ ਕੋਸ਼ਿਸ਼ ਲੋਕਾਂ ਲਈ ਇੱਕ ਚੰਗਾ ਮਾਹੌਲ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣਾ ਨਾਮ ਤੇ ਪਤਾ ਦੱਸੇ ਬਿਨਾਂ ਚਿੱਠੀ ਲਿਖ ਕੇ ਪੁਲਿਸ ਤੱਕ ਪੁੱਜਦੀ ਕਰ ਸਕਦਾ ਹੈ।

ਉਂਝ ਵੀ ਜੇਕਰ ਕੋਈ ਪਿੰਡ ਵਾਸੀ ਨਸ਼ਾ ਵੇਚਣ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ ਬਾਰੇ ਪੁਲਿਸ ਨੂੰ ਇਤਲਾਹ ਦਿੰਦਾ ਹੈ ਤਾਂ 100 ਫੀਸਦੀ ਉਸ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਇਸ ਲਈ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਆਮ ਲੋਕ ਬੇਖ਼ੌਫ਼ ਹੋ ਕੇ ਪੁਲੀਸ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ।