Punjab

ਮਾਮਲਾ ਬਠਿੰਡਾ ਥਾਣੇ ‘ਚੋਂ ਗਾਇਬ ਹੋਏ ਹਥਿਆਰਾਂ ਦਾ,ਮੁਲਜ਼ਮ ਮੁਨਸ਼ੀ ਦੇ ਦੋਸਤਾਂ ‘ਤੇ ਹੋਵੇਗੀ ਕਾਰਵਾਈ,ਆਹ ਗੱਲ ਆਈ ਸਾਹਮਣੇ

ਬਠਿੰਡਾ : ਬਠਿੰਡਾ ਦੇ ਦਿਆਲਪੁਰਾ ਥਾਣੇ ਤੋਂ ਗਾਇਬ ਹੋਏ ਹਥਿਆਰਾਂ ਦਾ ਮਾਮਲਾ ਲਗਾਤਾਰ ਸੁਰਖੀਆਂ ‘ਚ ਹੈ। ਇਸ ਮਾਮਲੇ ‘ਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਠਹਿਰਾਏ ਗਏ ਬਰਖਾਸਤ ਮੁਨਸ਼ੀ ਸੰਦੀਪ ਦੇ 3 ਦੋਸਤਾਂ ਦੀ ਭੂਮਿਕਾ ਸਾਹਮਣੇ ਆਈ ਹੈ ਤੇ ਇਹਨਾਂ ‘ਤੇ ਇਲਜ਼ਾਮ ਲੱਗੇ ਹਨ ਕਿ ਇਹਨਾਂ ਨੇ ਪਿਸਤੌਲ ਵੇਚਣ ਦਾ ਸੌਦਾ ਕਰਾਇਆ ਸੀ । ਇਹਨਾਂ ਵੱਲੋਂ ਹੀ ਮੁਨਸ਼ੀ ਤੋਂ ਪਿਸਤੌਲ ਲੈ ਕੇ ਸਾਹਿਲ ਨਾਮ ਦੇ ਸ਼ਖਸ ਨੂੰ ਵੇਚੀ ਗਈ ਸੀ।

ਸਾਹਿਲ ਨੂੰ ਪੁਲਿਸ ਨੇ ਨਸ਼ਿਆਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ,ਜਿਸ ਕੋੋਲੋਂ 32 ਬੋਰ ਦਾ ਪਿਸਤੋਲ ਵੀ ਬਰਾਮਦ ਹੋਇਆ ਸੀ ਤੇ ਇਹ ਪੁਸ਼ਟੀ ਹੋਈ ਸੀ ਕਿ ਇਹ ਥਾਣੇ ‘ਚੋਂ ਗਾਇਬ ਹੋਇਆ ਅਸਲਾ ਹੀ ਹੈ।ਪੁਲਿਸ ਹੁਣ ਮੁਨਸ਼ੀ ਦੇ ਹੋਰ ਦੋਸਤਾਂ ਤੇ ਵੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਥਾਣਾ ਦਿਆਲਪੁਰਾ ਤੋਂ ਪਿਛਲੇ ਦਿਨੀਂ ਇੱਕ ਵੱਡੀ ਖ਼ਬਰ ਆਈ ਸੀ ਕਿ ਇਸ ਥਾਣੇ ਵਿੱਚ ਜਮ੍ਹਾਂ ਕਰਵਾਏ ਗਏ ਹਥਿਆਰ ਗਾਇਬ ਹੋ ਗਏ ਹਨ। ਜਿਹਨਾਂ ਦੀ ਸੰਖਿਆਂ 10 ਤੋਂ ਵੱਧ ਸੀ ਤੇ ਸਾਰੇ ਲਾਇਸੈਂਸੀ ਹਥਿਆਰ ਸਨ। ਇਹ ਸਾਰੇ ਉਹ ਹਥਿਆਰ ਸਨ,ਜਿਹਨਾਂ ਨੂੰ ਲੋਕਾਂ ਨੇ ਥਾਣੇ ਵਿੱਚ ਜਮ੍ਹਾਂ ਕਰਵਾਇਆ ਸੀ। ਇਸ ਮਾਮਲੇ ਵਿੱਚ ਉਥੋਂ ਦੇ ਮੁਨਸ਼ੀ ਸੰਦੀਪ ਸਿੰਘ ਨੂੰ ਮੁੱਖ ਮੁਲਜ਼ਮ ਮੰਨਿਆ ਗਿਆ ਸੀ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਗਿਆ ਸੀ।

ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਵੀ ਹੈ ਕਿ ਉਨ੍ਹਾਂ ਵੱਲੋਂ ਜਮਾਂ ਕਰਵਾਏ ਗਏ ਹਥਿਆਰ ਆਖਰ ਗਏ ਕਿੱਥੇ? ਥਾਣੇ ਵਿੱਚ ਵਾਪਰੀ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਵੀ ਕਈ ਵੱਡੇ ਸਵਾਲ ਖੜ੍ਹੇ ਕੀਤੇ ਸਨ।

ਤੁਹਾਨੂੰ ਦੱਸ ਦੇਈਏ ਕਿ ਸੂਬੇ ਵਿੱਚ ਗੰਨ ਕਲਚਰ ਨੂੰ ਖਤਮ ਕਰਨ ਅਤੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ਅਤੇ ਹਥਿਆਰਾਂ ਨਾਲ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ ਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ, ਇਸ ਕਾਰਨ ਕਈ ਲੋਕਾਂ ਦੇ ਹਥਿਆਰ ਥਾਣਿਆਂ ਵਿੱਚ ਜਮ੍ਹਾਂ ਸਨ।