ਬਿਊਰੋ ਰਿਪੋਰਟ : ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਕਰੀਬਨ 6 ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 1988 ਦੇ ਰੋਡ ਰੇਜ ਦੇ ਮਾਮਲੇ ਵਿੱਚ 1 ਸਾਲ ਦੀ ਸਜ਼ਾ ਸੁਣਾਈ ਸੀ । ਸੂਤਰਾਂ ਦੇ ਜ਼ਰੀਏ ਖ਼ਬਰਾ ਆ ਰਹੀਆਂ ਹਨ ਕਿ ਪ੍ਰਿਯੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਚਿੱਠੀ ਭੇਜੀ ਹੈ । ਇਸ ਵਿੱਚ ਕੀ ਲਿਖਿਆ ਹੈ ਇਸ ਬਾਰੇ ਹੁਣ ਤੱਕ ਕੁਝ ਹੀ ਸਾਫ਼ ਨਹੀਂ ਹੋਇਆ ਹੈ। ਪਰ ਇਸ ਚਿੱਠੀ ਨੇ ਪ੍ਰਿਯੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਨਜ਼ਦੀਕੀਆਂ ‘ਤੇ ਇਕ ਵਾਰ ਮੁੜ ਤੋਂ ਮੋਹਰ ਲਾ ਦਿੱਤੀ ਹੈ । ਸਿੱਧੂ ਦੇ ਸੂਬਾ ਪ੍ਰਧਾਨ ਬਣਨ ਦੇ ਪਿਛੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦਾ ਵੱਡਾ ਰੋਲ ਰਿਹਾ ਸੀ । ਸਿਰਫ਼ ਇੰਨਾਂ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਗਾਂਧੀ ਪਰਿਵਾਰ ਨੇ ਨਵਜੋਤ ਸਿੰਘ ਸਿੱਧੂ ਦੇ ਦਮ ‘ਤੇ ਹੀ ਲਿਆ ਸੀ,ਹਾਲਾਂਕਿ ਪਾਰਟੀ ਦਾ ਇਹ ਦਾਅ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਕੰਮ ਨਹੀਂ ਆਇਆ ਹੈ । ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਸਿੱਧੂ ਦੀ ਸਜ਼ਾ ਨੂੰ ਤਕਰੀਬਨ 6 ਮਹੀਨੇ ਦਾ ਸਮਾਂ ਬਚਿਆ ਹੈ ਅਜਿਹੇ ਵਿੱਚ ਪ੍ਰਿਯੰਕਾ ਗਾਂਧੀ ਦੀ ਨਵਜੋਤ ਸਿੰਘ ਸਿੱਧੂ ਨੂੰ ਲਿਖੀ ਚਿੱਠੀ ਕਈ ਸੰਕੇਤ ਦੇ ਰਹੀ ਹੈ ਜੋ ਸ਼ਾਇਦ ਵੜਿੰਗ ਧੜੇ ਦੇ ਲਈ ਚੰਗੇ ਨਹੀਂ ਹਨ ।
ਖ਼ਤਰੇ ਵਿੱਚ ਰਾਜਾ ਵੜਿੰਗ ਦੀ ਕੁਰਸੀ ?
2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਤਤਕਾਲੀ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮੰਗ ਲਿਆ ਸੀ । ਪਾਰਟੀ ਨੇ ਰਾਜਾ ਵੜਿੰਗ ਨੂੰ ਨਵਾਂ ਸੂਬਾ ਪ੍ਰਧਾਨ ਬਣਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਸੀ । ਪਰ ਇਸ ਤੋਂ ਬਾਅਦ ਪਾਰਟੀ ਸਿੱਧੂ ਅਤੇ ਵੜਿੰਗ 2 ਧੜਿਆਂ ਵਿੱਚ ਵੰਡ ਗਈ । ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਵੱਖ ਤੋਂ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਵੜਿੰਗ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਸੀ । ਪਾਰਟੀ ਲਈ ਇਹ ਵੱਡੀ ਸਿਰਦਰਦੀ ਬਣ ਗਈ ਸੀ । ਪਰ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਕਾਂਗਰਸ ਦੀ ਧੜੇਬੰਦੀ ਥੰਮ ਜ਼ਰੂਰ ਗਈ ਪਰ ਖ਼ਤਮ ਨਹੀਂ ਹੋਈ। ਸਿੱਧੂ ਦੀਆਂ ਗਾਂਧੀ ਪਰਿਵਾਰ ਨਾਲ ਨਜ਼ਦੀਕਿਆਂ ਸਭ ਨੂੰ ਪਤਾ ਹਨ । ਪਿਛਲੇ 6 ਮਹੀਨੇ ਦੇ ਅੰਦਰ ਜਿਸ ਤਰ੍ਹਾਂ ਨਾਲ ਕਾਂਗਰਸ ਦੇ ਕਈ ਦਿੱਗਜ ਆਗੂ ਪਾਰਟੀ ਛੱਡ ਕੇ ਗਏ ਹਨ ਉਹ ਵੀ ਕਿਧਰੇ ਨਾ ਕਿਧਰੇ ਵੜਿੰਗ ਦੀ ਲੀਡਰਸ਼ਿੱਪ ‘ਤੇ ਸਵਾਲ ਚੁੱਕ ਰਹੇ ਹਨ । ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਪਾਰਟੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ । ਪਰ ਉਹ ਜ਼ਿੰਮੇਵਾਰੀ ਕੀ ਹੋਵੇਗੀ ਇਸ ‘ਤੇ ਵੱਡਾ ਸਵਾਲ ਹੈ। ਜੇਕਰ ਪਾਰਟੀ ਉਨ੍ਹਾਂ ਨੂੰ ਮੁੜ ਤੋਂ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਦੀ ਹੈ ਤਾਂ ਪਾਰਟੀ ਦੇ ਪੁਰਾਣੇ ਟਕਸਾਲੀ ਜਿਵੇਂ ਸੁਖਜਿੰਦਰ ਰੰਧਾਵਾ,ਤ੍ਰਿਪਤ ਰਜਿੰਦਰ ਬਾਜਵਾ,ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂਆਂ ਨੂੰ ਮਨਾਉਣਾ ਮੁਸ਼ਕਿਲ ਹੋਵੇਗਾ ।