ਬਿਊਰੋ ਰਿਪੋਰਟ : ਮਰਨ ਵਰਤ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹੁਣ ਹੋਰ ਕਿਸਾਨ ਯੂਨੀਅਨਾਂ ਵੀ ਆ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਪੋਸਟ ਦੇ ਜ਼ਰੀਏ ਕਿਸਾਨ ਏਕਤਾ ਮੋਰਚਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਰੀਦਕੋਟ ਜਲਦ ਤੋਂ ਜਲਦ ਡੱਲੇਵਾਲ ਦੇ ਹੱਕ ਵਿੱਚ ਪਹੁੰਚਣ। ਸਿਰਫ਼ ਇੰਨਾਂ ਹੀ ਨਹੀਂ ਡੱਲੇਵਾਲ ਦੀ ਚੰਗੀ ਸਿਹਤ ਲਈ ਅਰਦਾਸ ਕਰਨ ਲਈ ਵੀ ਕਿਹਾ ਗਿਆ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫਰੀਦਕੋਟ ਵਿੱਚ ਭੁੱਖ ਹੜਤਾਲ ‘ਤੇ ਬੈਠੇ ਤਿੰਨ ਦਿਨ ਹੋ ਗਏ ਹਨ । ਤੀਜੇ ਦਿਨ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਚਿੰਤਾ ਜਤਾਈ ਹੈ ।
ਫਰੀਦਕੋਟ ਦੇ ਸਿਵਿਲ ਹਸਪਤਾਲ ਦੀ ਇਕ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਅਤੇ ਉਨ੍ਹਾਂ ਦੀ ਲਗਾਤਾਰ ਮੈਡੀਕਲ ਜਾਂਚ ਕਰ ਰਹੀ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਡੱਲੇਵਾਲ ਦਾ ਸ਼ੂਗਰ ਲੈਵਲ ਘੱਟਿਆ ਹੋਇਆ ਹੈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਅਟੈਕ ਵੀ ਆ ਸਕਦਾ ਹੈ। ਸਿਰਫ਼ ਇੰਨਾਂ ਹੀ ਨਹੀਂ ਡਾਕਟਰਾਂ ਨੇ ਕਿਹਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਵਾਈ ਨਹੀਂ ਲੈ ਰਹੇ ਹਨ ਜੋ ਉਨ੍ਹਾਂ ਦੀ ਸਿਹਤ ਲਈ ਚੰਗਾ ਨਹੀਂ ਹੈ। ਡਾਕਟਰਾਂ ਨੇ ਦਾਅਵਾ ਕੀਤਾ ਜੇਕਰ ਅਜਿਹਾ ਹੀ ਰਿਹਾ ਤਾਂ ਉਨ੍ਹਾਂ ਵੱਲੋਂ ਡੱਲੇਵਾਲ ਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ । ਭੁੱਖ ਹੜਤਾਲ ਦੇ ਤਿੰਨ ਦਿਨ ਹੋਣ ਤੋਂ ਬਾਅਦ ਡੱਲੇਵਾਲ ਦਾ 3 ਕਿਲੋ ਭਾਰ ਵੀ ਘੱਟ ਹੋ ਗਿਆ ਹੈ । ਫਿਲਹਾਲ ਮੌਕੇ ‘ਤੇ ਸਿਵਿਲ ਹਸਪਤਾਲ ਵੱਲੋਂ ਸਾਰੇ ਮੈਡੀਕਲ ਇੰਤਜ਼ਾਮ ਕੀਤੇ ਗਏ ਹਨ। ਉਧਰ ਫਰੀਦਕੋਟ ਦੇ SSP ਵੀ ਮੌਕੇ ‘ਤੇ ਕਿਸਾਨ ਆਗੂ ਨੂੰ ਮਨਾਉਣ ਦੇ ਲਈ ਪਹੁੰਚੇ ਹਨ । ਪਰ ਡੱਲੇਵਾਲ ਨੇ ਪ੍ਰਸ਼ਾਸਨ ਨੂੰ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਮਰਨ ਵਰਤ ਜ਼ਬਰਦਸਤੀ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਅੰਜਾਮ ਬੁਰਾ ਹੋਵੇਗਾ ।
BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਮਨ ਦੀ ਹੈ ਉੱਦੋਂ ਤੱਕ ਉਹ ਮਰਨ ਵਰਤ ‘ਤੇ ਬੈਠੇ ਰਹਿਣਗੇ। ਉਨ੍ਹਾਂ ਕਿਹਾ ਜੇਕਰ ਸਰਕਾਰ ਕਹਿੰਦੀ ਹੈ ਕਿ ਉਹ ਸਾਡੀ ਮੰਗਾਂ ਮੰਗ ਚੁੱਕੇ ਹਨ ਤਾਂ ਉਸ ਦਾ ਨੋਟਿਫਿਕੇਸ਼ਨ ਕੱਢਣ ਵਿੱਚ ਦੇਰੀ ਕਿਉਂ ਕਰ ਰਹੀ ਹੈ । ਡੱਲੇਵਾਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਧੱਕੇਸ਼ਾਹੀ ਦੇ ਨਾਲ ਉਨ੍ਹਾਂ ਦਾ ਮਰਨ ਵਰਤ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਅੰਜਾਮ ਬੁਰਾ ਹੋਵੇਗ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਕਿਸਾਨਾਂ ਨਾਲ ਪੰਗਾਂ ਲੈ ਚੁੱਕੀ ਹੈ ਅਤੇ ਹੋਰ ਨਵਾਂ ਪੰਗਾਂ ਨਾ ਲਏ । ਉਨ੍ਹਾਂ ਨੇ ਕਿਹਾ ਕਿ ਭਾਵੇਂ ਡਾਕਟਰ ਉਨ੍ਹਾਂ ਦੀ ਸਿਹਤ ਨੂੰ ਲੈਕੇ ਚਿੰਤਾ ਕਰ ਰਹੇ ਹਨ ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ 15-15 ਦਿਨ ਤੱਕ ਭੁੱਖ ਹੜਤਾਲ ਕੀਤੀ ਹੈ ਇਸ ਦੇ ਲਈ ਡਰਨ ਦੀ ਜ਼ਰੂਰਤ ਨਹੀਂ ਹੈ ।