ਬਿਊਰੋ ਰਿਪੋਰਟ : ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਿਕਰਾਓਰ ਵਿੱਚ ਮਾਤਮ ਛਾਇਆ ਹੋਇਆ ਹੈ । ਪਿੰਡ ਦਾ ਨੌਜਵਾਨ ਬਿਕਰਮਜੀਤ ਸਿੰਘ 5 ਦਿਨ ਪਹਿਲਾਂ ਆਪਣੀ 3 ਸਾਲ ਦੀ ਧੀ ਨੂੰ ਲੈਕੇ ਇੰਗਲੈਂਡ ਪਹੁੰਚਿਆ ਸੀ। ਪਰ ਹੁਣ ਉਸ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ । ਬਿਕਰਮ ਦੇ ਪਿਤਾ ਪੰਜਾਬ ਪੁਲਿਸ ਵਿੱਚ ਸੱਬ ਇੰਸਪੈਕਟਰ ਹਨ । ਜਦਕਿ ਪਤਨੀ ਅਤੇ ਭਾਬੀ 2 ਮਹੀਨੇ ਪਹਿਲਾਂ ਹੀ ਇੰਗਲੈਂਡ ਸਟਡੀ ਵੀਜ਼ਾ ‘ਤੇ ਚੱਲੇ ਗਏ ਸਨ ,15 ਨਵੰਬਰ ਨੂੰ ਬਿਕਰਮ ਦਾ ਵੱਡਾ ਭਰਾ ਵੀ ਉਸ ਦੇ ਨਾਲ ਇੰਗਲੈਂਡ ਚੱਲਾ ਗਿਆ ਸੀ । ਹੁਣ ਜਦੋਂ ਪਿਤਾ ਨੂੰ ਬਿਕਰਮਜੀਤ ਦੀ ਮੌਤ ਦੀ ਖ਼ਬਰ ਮਿਲੀ ਹੈ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਹੈ,ਘਰ ਵਿੱਚ ਉਨ੍ਹਾਂ ਦਾ ਦੁੱਖ ਸਾਂਝਾ ਕਰਨ ਵਾਲਾ ਨਜ਼ਦੀਕੀ ਕੋਈ ਨਹੀਂ ਹੈ,ਪੂਰਾ ਪਰਿਵਾਰ ਇੰਗਲੈਂਡ ਵਿੱਚ ਹੈ ।
ਕੰਮ ਲਈ ਘਰ ਤੋਂ ਬਾਹਰ ਗਿਆ ਸੀ
ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਇੰਗਲੈਂਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਿਕਰਮਜੀਤ ਸਿੰਘ ਬੀਤੀ ਰਾਤ ਘਰ ਤੋਂ ਬਾਹਰ ਸਮਾਨ ਲੈਣ ਗਿਆ ਸੀ ਪਰ ਉਸ ਦੇ ਬਾਅਦ ਉਹ ਘਰ ਨਹੀਂ ਪਰਤਿਆ । ਇਹ ਜਾਣਕਾਰੀ ਬਿਕਰਮਜੀਤ ਦੀ ਪਤਨੀ ਕਿਰਨ ਅਤੇ ਉਸ ਦੇ ਛੋਟੇ ਪੁੱਤਰ ਵਰਿੰਦਰ ਨੇ ਪੁਲਿਸ ਨੂੰ ਦਿੱਤੀ । ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਵੇਰ ਵੇਲੇ ਬਿਕਰਮਜੀਤ ਸਿੰਘ ਦੀ ਲਾਸ਼ ਘਰ ਦੇ ਬਾਹਰ ਹੀ ਮਿਲੀ । ਆਖਿਰ ਬਿਕਰਮਜੀਤ ਸਿੰਘ ਨਾਲ ਅਜਿਹਾ ਕੀ ਹੋਇਆ ਪੁਲਿਸ ਦੀ ਇਸ ਜਾਂਚ ਵੱਖ-ਵੱਖ ਐਂਗਲ ਨਾਲ ਕਰ ਰਹੀ ਹੈ ।
ਬਿਕਰਮਜੀਤ ਸਿੰਘ ਦੀ ਮੌਤ ਨਾਲ ਜੁੜੇ ਸਵਾਲ
ਬਿਕਰਮਜੀਤ ਸਿੰਘ ਮੌਤ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ,ਇੰਗਲੈਂਡ ਪੁਲਿਸ ਇਸ ਦੀ ਜਾਂਚ ਕਰ ਹੀ ਹੈ । ਪਰ ਜਿਸ ਤਰ੍ਹਾਂ ਨਾਲ ਸਵੇਰ ਵੇਲੇ ਘਰ ਦੇ ਨਜ਼ਦੀਕ ਹੀ ਉਸ ਦੀ ਲਾਸ਼ ਮਿਲੀ ਹੈ ਉਸ ਨੂੰ ਲੈਕੇ ਕਈ ਸਵਾਲ ਉੱਠ ਰਹੇ ਹਨ। ਬਿਕਰਮਜੀਤ ਕਾਫ਼ੀ ਸਾਲਾਂ ਤੋਂ ਇੰਗਲੈਂਡ ਵਿੱਚ ਰਹਿੰਦਾ ਸੀ ਕੀ ਉਸ ਦੀ ਕਿਸੇ ਨਾਲ ਦੁਸ਼ਮਣੀ ਸੀ ? ਕੀ ਬਿਕਰਮਜੀਤ ਦੀ ਲਾਸ਼ ‘ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਹਨ ? ਕੀ ਕਿਸੇ ਨੇ ਲੁੱਟ ਦੇ ਇਰਾਦੇ ਨਾਲ ਬਿਕਰਮਜੀਤ ਸਿੰਘ ਦਾ ਕਤਲ ਕੀਤਾ ? ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ । ਪੁਲਿਸ ਨੂੰ ਬਿਕਰਮਜੀਤ ਸਿੰਘ ਦੀ ਮੌਤ ਦੀ ਅਸਲੀ ਵਜ੍ਹਾ ਜਾਣਨ ਦੇ ਲਈ ਇੰਨਾਂ ਸਵਾਲਾਂ ਦਾ ਜਵਾਬ ਲੱਭਣਾ ਹੋਵੇਗਾ। ਮ੍ਰਿਤਕ ਦੀ ਮੋਬਾਈਲ ਲੋਕੇਸ਼ਨ ਅਤੇ ਡਾਟਾ ਮੌਤ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਕਾਫੀ ਹੱਦ ਤੱਕ ਮਦਦਗਾਰ ਸਾਬਿਤ ਹੋ ਸਕਦੀ ਹੈ । ਮੋਬਾਈਲ ਲੋਕਸ਼ਨ ਤੋਂ ਉਸ ਦੇ ਘਰ ਤੋਂ ਬਾਹਰ ਜਾਣ ਬਾਰੇ ਜਾਣਕਾਰੀ ਹਾਸਲ ਹੋ ਸਕਦੀ ਹੈ ਅਤੇ ਡਾਟਾ ਦੇ ਜ਼ਰੀਏ ਉਸ ਦੇ ਨਾਲ ਅਖੀਰਲੀ ਵਾਰ ਸੰਪਰਕ ਕਰਨ ਵਾਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।