ਭਗਵੰਤ ਮਾਨ ਸਰਕਾਰ ਦੀ ਨਵੀਂ ਮੁਫਤ ਬਿਜਲੀ ਸਕੀਮ ਅਤੇ 600 ਯੂਨਿਟ ਬਿਜਲੀ ਦਾ ਲਾਭ ਲੈਣ ਲਈ ਸੂਬੇ ‘ਜ਼ੀਰੋ ਬਿੱਲ’ ਪਾਉਣ ਲਈ ਪਾਵਰਕੌਮ ( Dept. of Powercom )ਕੋਲ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦਾ ਹੜ੍ਹ ਆ ਗਿਆ ਹੈ। ਜਿਨ੍ਹਾਂ ਦੀ ਘਰੇਲੂ ਬਿਜਲੀ ਦੀ ਖਪਤ ਜ਼ਿਆਦਾ ਹੈ ਅਤੇ 600 ਯੂਨਿਟ (ਦੋ ਮਹੀਨੇ) ਦੇ ਦਾਇਰੇ ’ਚ ਨਹੀਂ ਆਉਂਦੇ ਹਨ, ਉਨ੍ਹਾਂ ਨੇ ਆਪੋ ਆਪਣੇ ਘਰਾਂ ’ਚ ਨਵੇਂ ਬਿਜਲੀ ਕੁਨੈਕਸ਼ਨ ਲੈਣ ਦੀ ਜੁਗਤ ਲਗਾ ਲਈ ਹੈ। ਪਾਵਰਕੌਮ ਦੇ ਅਜਿਹੇ ਕੋਈ ਨਿਯਮ ਨਹੀਂ ਹਨ ਜੋ ਇੱਕੋ ਘਰ ’ਚ ਦੋ ਕੁਨੈਕਸ਼ਨ ਲੈਣ ’ਤੇ ਪਾਬੰਦੀ ਲਗਾਉਂਦੇ ਹੋਣ।
ਵੇਰਵਿਆਂ ਅਨੁਸਾਰ ਸਮੁੱਚੇ ਪੰਜਾਬ ਵਿਚ ਐਤਕੀਂ ਪਹਿਲੀ ਜਨਵਰੀ ਤੋਂ ਸਤੰਬਰ ਮਹੀਨੇ ਤੱਕ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਅੰਕੜਾ 2.95 ਲੱਖ ’ਤੇ ਪੁੱਜ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ 2.20 ਲੱਖ ਸੀ। ਇਸ ਤੋਂ ਸਾਫ ਹੈ ਕਿ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ ਵਿਚ 75 ਹਜ਼ਾਰ ਦਾ ਵਾਧਾ ਹੋ ਗਿਆ ਹੈ। ਇਹ ਵਾਧਾ ਕਰੀਬ 34 ਫੀਸਦੀ ਬਣਦੀ ਹੈ। ਪਾਵਰਕੌਮ ਦੇ ਫੀਲਡ ਦਫਤਰਾਂ ਵਿਚ ਨਵੇਂ ਕੁਨੈਕਸ਼ਨਾਂ ਲੈਣ ਵਾਲਿਆਂ ਦੀਆਂ ਭੀੜਾਂ ਹਨ।
ਪਹਿਲੀ ਜੁਲਾਈ ਤੋਂ ‘ਆਪ’ ਸਰਕਾਰ ਨੇ 600 ਯੂਨਿਟ (ਦੋ ਮਹੀਨੇ) ਦੀ ਮੁਆਫੀ ਦਿੱਤੀ ਹੈ। ਇਕੱਲੇ ਜੁਲਾਈ ਮਹੀਨੇ ਵਿਚ ਨਵੇਂ ਕੁਨੈਕਸ਼ਨ ਲੈਣ ਵਾਲੇ 38,064 ਲੋਕਾਂ ਨੇ ਅਪਲਾਈ ਕੀਤਾ ਹੈ ਜਦੋਂ ਕਿ ਜੁਲਾਈ 2021 ਵਿਚ ਇਹ ਗਿਣਤੀ 27,778 ਸੀ। ਜੁਲਾਈ ਮਹੀਨੇ ’ਚ ਹੀ ਪਿਛਲੇ ਸਾਲ ਨਾਲੋਂ ਕਰੀਬ 10,300 ਦਰਖਾਸਤਾਂ ਵੱਧ ਆਈਆਂ ਹਨ।
ਸਤੰਬਰ 2022 ਵਿਚ 34 ਹਜ਼ਾਰ ਲੋਕਾਂ ਨੇ ਨਵੇਂ ਮੀਟਰ ਲਵਾਉਣ ਲਈ ਪਹੁੰਚ ਕੀਤੀ ਹੈ ਜਦੋਂ ਕਿ ਸਤੰਬਰ 2021 ਵਿਚ ਇਹ ਅੰਕੜਾ 24 ਹਜ਼ਾਰ ਦਰਖਾਸਤਾਂ ਦਾ ਸੀ। ਸਤੰਬਰ ਮਹੀਨੇ ਵਿਚ 10 ਹਜ਼ਾਰ ਦਰਖਾਸਤਾਂ ਵੱਧ ਆਈਆਂ ਹਨ। ਦੁਆਬੇ ਵਿਚ ਇਹ ਰੁਝਾਨ ਕਾਫੀ ਮੱਠਾ ਹੈ। ਮਾਲਵਾ ਇਸ ਮਾਮਲੇ ਵਿਚ ਸਭ ਤੋਂ ਮੋਹਰੀ ਬਣਿਆ ਹੈ। ਪੱਛਮੀ ਜ਼ੋਨ ਵਿਚ ਪੈਂਦੇ ਚਾਰ ਸਰਕਲਾਂ ਵਿਚ ਨਵੇਂ ਕੁਨੈਕਸ਼ਨ ਲੈਣ ਦੇ ਚਾਹਵਾਨਾਂ ਦੀ ਗਿਣਤੀ ਵਿਚ 65 ਫੀਸਦੀ ਦਾ ਵਾਧਾ ਹੋਇਆ ਹੈ ਜਦੋਂ ਸਰਹੱਦੀ ਜ਼ੋਨ ’ਚ ਪੈਂਦੇ ਸਰਕਲਾਂ ਵਿਚ 39 ਫੀਸਦੀ ਦਾ ਵਾਧਾ ਹੋਇਆ ੲੈ।
ਸਭ ਤੋਂ ਘੱਟ ਉੱਤਰੀ ਜ਼ੋਨ ਵਿਚ 17 ਫੀਸਦੀ ਨਵੀਆਂ ਦਰਖਾਸਤਾਂ ਆਈਆਂ ਹਨ। ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਨਿਯਮ ਆਖਦੇ ਹਨ ਕਿ ਅਗਰ ਇੱਕੋ ਘਰ ਵਿਚ ਦੂਸਰੀ ਰਸੋਈ ਦਾ ਪ੍ਰਬੰਧ ਹੈ ਤਾਂ ਨਵਾਂ ਕੁਨੈਕਸ਼ਨ ਖਪਤਕਾਰ ਲੈ ਸਕਦੇ ਹਨ। ਹੈਰਾਨੀ ਭਰਿਆ ਰੁਝਾਨ ਹੈ ਕਿ ਲੋਕ ਹੁਣ ਜ਼ੀਰੋ ਬਿੱਲ ਦੇ ਲਾਲਚ ਵਿਚ ਖੇਤਾਂ ਵਿਚ ਵੀ ਘਰੇਲੂ ਕੁਨੈਕਸ਼ਨ ਵਾਸਤੇ ਅਪਲਾਈ ਕਰਨ ਲੱਗੇ ਹਨ।
ਤੱਥ ਗਵਾਹ ਹਨ ਕਿ ਸਰਦੀ ਦੇ ਮੌਸਮ ਮਗਰੋਂ ਪਾਵਰਕੌਮ ਨੇ 76 ਫੀਸਦੀ ਘਰੇਲੂ ਖਪਤਕਾਰਾਂ ਨੂੰ ਜ਼ੀਰੋ ਬਿੱਲ ਭੇਜੇ ਹਨ। ਠੰਢੇ ਮੌਸਮ ਕਰਕੇ ਬਿਜਲੀ ਦੀ ਖਪਤ ਘਟੀ ਹੈ ਜਿਸ ਕਰ ਕੇ ਖਪਤਕਾਰ ਹੁਣ 600 ਯੂਨਿਟਾਂ ਦੀ ਮੁਆਫੀ ਵਾਲੇ ਘੇਰੇ ਵਿਚ ਆਉਣ ਲੱਗੇ ਹਨ। ਇੱਕ ਅੰਦਾਜ਼ੇ ਅਨੁਸਾਰ ਸਰਕਾਰ ਦਾ ਰੋਜ਼ਾਨਾ ਕੁੱਲ ਬਿਜਲੀ ਸਬਸਿਡੀ ਦਾ ਬਿੱਲ 50 ਕਰੋੜ ਦਾ ਹੈ। ਅੱਗੇ ਨਜ਼ਰ ਮਾਰੀਏ ਤਾਂ ਪੰਜਾਬ ਭਰ ਚੋਂ ਫਿਰੋਜ਼ਪੁਰ ਨੇ ਵੱਡੀ ਛਾਲ ਮਾਰੀ ਹੈ ਜਿਥੇ ਨਵੇਂ ਕੁਨੈਕਸ਼ਨ ਲੈਣ ਦੇ ਚਾਹਵਾਨਾਂ ਦੇ ਅੰਕੜੇ ਵਿਚ 101 ਫੀਸਦੀ ਦਾ ਵਾਧਾ ਹੋ ਗਿਆ ਹੈ।
ਇਸੇ ਸਰਕਲ ਵਿਚ ਹੁਣ ਤੱਕ 13,583 ਲੋਕਾਂ ਨੇ ਨਵੇਂ ਮੀਟਰਾਂ ਵਾਸਤੇ ਅਪਲਾਈ ਕੀਤਾ ਹੈ। ਬਾਦਲਾਂ ਦੇ ਜੱਦੀ ਜ਼ਿਲ੍ਹੇ ਮੁਕਤਸਰ ਇਸ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ ਜਿਥੇ ਮੁਕਤਸਰ ਸਰਕਲ ਵਿਚ ਨਵੇਂ ਕੁਨੈਕਸ਼ਨ ਲੈਣ ਦੇ ਇੱਛੁਕਾਂ ਵਿਚ 73 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰੀ ਸਰਕਲ ਵਿਚ 71 ਫੀਸਦੀ ਅਤੇ ਤਰਨਤਾਰਨ ਸਰਕਲ ਵਿਚ 70 ਫੀਸਦੀ ਦਰਖਾਸਤਾਂ ਦੀ ਗਿਣਤੀ ਵਧੀ ਹੈ।
ਇਹ ਰੁਝਾਨ ਦਰਸਾਉਂਦਾ ਹੈ ਕਿ ਖਪਤਕਾਰ ਸਰਕਾਰ ਦੀ ਬਿਜਲੀ ਮੁਆਫੀ ਸਕੀਮ ਦਾ ਲਾਹਾ ਲੈਣ ਲਈ ਤਤਪਰ ਹਨ। ਇਨ੍ਹਾਂ ਵਿਚ ਮੱਧ ਵਰਗ ਅਤੇ ਉੱਚ ਵਰਗ ਦੇ ਖਪਤਕਾਰ ਆਉਂਦੇ ਹਨ। ਜੋ ਗਰੀਬ ਤਬਕਾ ਹੈ, ਉਨ੍ਹਾਂ ਦੀ ਖਪਤ ਤਾਂ ਪਹਿਲਾਂ ਹੀ ਇਸ ਦਾਇਰੇ ਜੋਗੀ ਹੀ ਹੁੰਦੀ ਹੈ। ਪੰਜਾਬ ਵਿਚ ਇਸੇ ਵੇਲੇ ਹਰ ਤਰ੍ਹਾਂ ਦੀ ਬਿਜਲੀ ਸਬਸਿਡੀ ਲੈਣ ਵਾਲੇ ਖਪਤਕਾਰ 97 ਫੀਸਦੀ ਹੋ ਗਏ ਹਨ। ਸਿਰਫ ਤਿੰਨ ਕੁ ਫੀਸਦੀ ਹੀ ਘਰੇਲੂ ਖਪਤਕਾਰ ਕਿਸੇ ਸਬਸਿਡੀ ਦਾ ਫਾਇਦਾ ਨਹੀਂ ਲੈ ਰਹੇ ਹਨ।
ਪਾਵਰਕੌਮ ਦੇ ਫੀਲਡ ਵਿਚਲੇ ਅਫਸਰਾਂ ਨੇ ਦੱਸਿਆ ਕਿ ਹੁਣ ਹਰ ਕੋਈ ਦਫਤਰ ਆ ਕੇ ਇਹੋ ਤਰਕ ਦੇ ਰਿਹਾ ਹੈ ਕਿ ਉਨ੍ਹਾਂ ਦੇ ਘਰ ਵੰਡੇ ਗਏ ਨੇ। ਕੋਈ ਆਖ ਰਿਹਾ ਹੈ ਕਿ ਉਸ ਨੇ ਬਾਪ ਨਾਲੋਂ ਅਲਹਿਦਾ ਰਹਿਣਾ ਸ਼ੁਰੂ ਕਰ ਦਿੱਤਾ ਹੈ। ਕੋਈ ਨੂੰਹ ਸੱਸ ਨਾਲੋਂ ਵੱਖ ਹੋਣ ਦੀ ਗੱਲ ਆਖ ਰਹੀ ਹੈ। ਹਰ ਤਰ੍ਹਾਂ ਦੇ ਬਹਾਨੇ ਅਫਸਰਾਂ ਕੋਲ ਖਪਤਕਾਰ ਮਾਰ ਰਹੇ ਹਨ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਮੁਫਤ ਦੀ ਬਿਜਲੀ ਹਾਸਲ ਕੀਤੀ ਜਾ ਸਕੇ। ਦਰਖਾਸਤਾਂ ਦੇ ਹੜ੍ਹ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਸਾਰੇ ਘਰਾਂ ਦੇ ਹੀ ਬਟਵਾਰੇ ਹੋ ਗਏ ਹੋਣ।