ਬਿਊਰੋ ਰਿਪੋਰਟ : ਆਪਣੀ ਸਖ਼ਤੀ ਲਈ ਮਸ਼ਹੂਰ SHO ਲੇਡੀ ਸਿੰਗਮ ਅਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਉਨ੍ਹਾਂ ਦਾ ਤਿੰਨ ਪਹਿਲਾਂ ਹੀ ਮੋਹਾਲੀ ਦੇ ਸਾਇਬਰ ਵਿਭਾਗ ਤੋਂ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਵਿੱਚ ਟਰਾਂਸਫਰ ਹੋਇਆ ਸੀ । ਅਮਨਦੀਪ ਕੌਰ ਸੰਧੂ ‘ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਹੋਈ ਹੈ । ਮੁਹਾਲੀ ਵਿੱਚ ਰਹਿੰਦੇ ਹੋਏ ਉਨ੍ਹਾਂ ‘ਤੇ ਇੱਕ ਸ਼ਖ਼ਸ ਤੋਂ 1 ਲੱਖ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਸੀ। ਪੀੜਤ ਪੱਖ ਨੇ ਇਸ ਦੀ ਸ਼ਿਕਾਇਤ ਪੁਲਿਸ ਅਤੇ ਸਰਕਾਰ ਦੋਵਾਂ ਨੂੰ ਕੀਤੀ ਸੀ । ਜਾਂਚ ਵਿੱਚ ਇਲਜ਼ਾਮ ਸਹੀ ਸਾਬਤ ਹੋਏ ਸਨ ਪਰ ਉੱਦੋਂ ਤੱਕ ਅਮਨਦੀਪ ਕੌਰ ਸੰਧੂ ਦਾ ਲੁਧਿਆਣਾ ਟਰਾਂਸਫਰ ਹੋ ਗਿਆ ਸੀ । ਜਦੋਂ 2 ਦਿਨ ਪਹਿਲਾਂ ਚਾਰਜ ਸੰਭਾਲਣ ਵਾਲੇ ਲੁਧਿਆਣਾ ਦੇ ਨਵੇਂ ਕਮਿਸ਼ਨਰ ਮਨਦੀਪ ਸਿੰਘ ਸੰਧੂ ਨੂੰ ਇਸ ਦੀ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਫੌਰਨ ਅਮਨਦੀਪ ਕੌਰ ਸੰਧੂ ਨੂੰ ਸਸਪੈਂਡ ਕਰ ਦਿੱਤੀ ਅਤੇ ADCP ਤੁਸ਼ਾਰ ਗੁਪਤਾ ਨੂੰ ਇਸ ਮਾਮਲੇ ਵਿੱਚ ਜਾਂਚ ਦੇ ਨਿਰਦੇਸ਼ ਦਿੱਤੇ ਹਨ ।
ਇਸ ਲਈ ਲੇਡੀ ਸਿੰਗਮ ਨਾਂ ਪਿਆ
ਲੁਧਿਆਣਾ ਟਰਾਂਸਫਰ ਹੋਣ ਤੋਂ ਬਾਅਦ ਅਮਨਦੀਪ ਕੌਰ ਸੰਧੂ ਨੇ ਕਾਲੇ ਸ਼ੀਸ਼ੇ ਵਾਲਿਆਂ ਦੇ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਸਨ ਇਸ ਦੌਰਾਨ ਉਨ੍ਹਾਂ ਨੇ ਸ਼ਰਾਬਿਆਂ ‘ਤੇ ਵੀ ਵੱਡੇ ਐਕਸ਼ਨ ਲਏ ਸਨ। ਜਿਸ ਦੀ ਵਜ੍ਹਾ ਕਰਕੇ ਅਮਨਦੀਪ ਨੂੰ ਲੋਕ ਲੇਡੀ ਸਿੰਗਮ ਦੇ ਨਾਂ ਨਾਲ ਬੁਲਾਉਂਦੇ ਸਨ । ਪਰ ਹੁਣ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਅਮਨਦੀਪ ਕੌਰ ਦੇ ਸਸਪੈਂਡ ਹੋਣ ਤੋਂ ਬਾਅਦ ਲੋਕ ਹੈਰਾਨ ਹਨ,ਪੁਲਿਸ ਵਿਭਾਗ ਵਿੱਚ ਵੀ ਇਸ ਦੀ ਚਰਚਾ ਹੋ ਰਹੀ ਹੈ ।ਉਧਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਅਮਨਦੀਪ ਕੌਰ ਸੰਧੂ ਦੀ ਥਾਂ ‘ਤੇ ਅਮਰਿੰਦਰ ਸਿੰਘ ਗਿੱਲ ਨੂੰ ਸਰਾਭਾ ਨਗਰ ਦਾ ਨਵਾਂ SHO ਨਿਯੁਕਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਅਮਨਦੀਪ ਕੌਰ ਸੰਧੂ ਦੀ ਟਰਾਂਸਫਰ ਦੀ ਸਿਫਾਰਿਸ਼ ਲੁਧਿਆਣਾ ਦੇ ਇੱਕ ਵਿਧਾਇਕ ਨੇ ਸਾਬਕਾ ਕਮਿਸ਼ਨਰ ਕੌਸਤੁਬ ਸ਼ਰਮਾ ਨੂੰ ਕੀਤੀ ਸੀ । ਹੁਣ ਜਦੋਂ ਉਨ੍ਹਾਂ ਦੇ ਭ੍ਰਿਸ਼ਟਾਚਾਰ ਵਿੱਚ ਫਸਨ ਦਾ ਮਾਮਲਾ ਸਾਹਮਣੇ ਆ ਗਿਆ ਹੈ ਤਾਂ ਵਿਧਾਇਕ ਵੀ ਹੈਰਾਨ ਹਨ। ਇਸ ਤੋਂ ਪਹਿਲਾਂ ਵੀ ਇੱਕ ASI ਨੂੰ ਰਿਸ਼ਵਤ ਦੇ ਇਲਜ਼ਾਮ ਵਿੱਚ ਜੇਲ੍ਹ ਭੇਜਿਆ ਗਿਆ ਸੀ ।
2 ਦਿਨ ਪਹਿਲਾਂ ਸਕ੍ਰੈਪ ਦੇ ਟਰੱਕ ਨੂੰ ਬਿਨਾਂ ਟੈਕਸ ਪੰਜਾਬ ਦਾ ਬਾਰਡਰ ਪਾਰ ਕਰਵਾਉਣ ਦੇ ਲਈ 80 ਹਜ਼ਾਰ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ASI ਗੁਰਜਿੰਦਰ ਸਿੰਘ ਅਤੇ ਡਰਾਇਵਰ ਪੀਯੂਸ਼ ਆਨੰਦ ਨੂੰ ਜੇਲ੍ਹ ਭੇਜਿਆ ਗਿਆ ਸੀ। ਪੁਲਿਸ ਸ਼ੰਭੂ ਬਾਰਡਰ ‘ਤੇ ਤੈਨਾਤ ਹੋਰ ਮੁਲਜ਼ਮਾਂ ਦੀ ਵੀ ਜਾਂਚ ਕਰ ਰਹੀ ਹੈ ।