Punjab

ਕਿਸਾਨਾਂ ਨੇ ਰਾਤੋ-ਰਾਤ ਧਰਨਾ ਕੀਤਾ ਸ਼ਿਫ਼ਟ, ਜਾਣੋ ਵਜ੍ਹਾ

Farmers protested in Amritsar

‘ਦ ਖ਼ਾਲਸ ਬਿਊਰੋ : ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਬੀਤੀ ਰਾਤ ਕਿਸਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਭੰਡਾਰੀ ਪੁਲ ਉੱਤੇ ਧਰਨਾ ਲਾਇਆ ਗਿਆ ਸੀ ਜਿਸਨੂੰ ਕਿਸਾਨਾਂ ਨੇ ਹੁਣ ਕੱਥੂਨੰਗਲ ਟੋਲ ਪਲਾਜ਼ਾ ਉੱਤੇ ਸ਼ਿਫ਼ਟ ਕਰ ਦਿੱਤਾ ਹੈ। ਇਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਕੀਤੀ ਜਾ ਰਹੀ ਹੈ।

ਜਥੇਬੰਦੀ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਧਰਨਾ ਲਗਾਉਣ ਤੋਂ ਬਾਅਦ ਵਾਅਦੇ ਤਾਂ ਕਰ ਲੈਂਦੀ ਹੈ ਅਤੇ ਇਸ ਦਾ ਢਿੰਡੋਰਾ ਪੂਰੇ ਮੀਡੀਆ ਵਿਚ ਵੀ ਪਾ ਦਿੱਤਾ ਜਾਂਦਾ ਹੈ ਪਰ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ, ਜਿਸ ਤੋਂ ਬਾਅਦ ਮਜ਼ਬੂਰ ਹੋ ਕੇ ਸਾਨੂੰ ਧਰਨਾ ਲਗਾਉਣਾ ਪਿਆ ਹੈ। ਬੀਤੇ ਕੱਲ੍ਹ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮਦ ਨੂੰ ਵੇਖਦੇ ਹੋਏ ਪੂਰਾ ਪੁਲ ਜਾਮ ਨਹੀਂ ਕੀਤਾ ਗਿਆ ਪਰ ਸ਼ਾਮ ਦੇ ਪੰਜ ਵਜੇ ਤੱਕ ਕੋਈ ਵੀ ਅਧਿਕਾਰੀ ਦੇ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ਸਾਰਾ ਪੁੱਲ੍ਹ ਚਾਰੋਂ ਪਾਸਿਓਂ ਬੰਦ ਕਰ ਦਿੱਤਾ ਗਿਆ, ਜਿਸ ਕਰਕੇ ਰਾਤ ਕਰੀਬ 11 ਵਜੇ ਤੱਕ ਟਰੈਫਿਕ ਜਾਮ ਰਿਹਾ।

ਆਖਿਰ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੱਲੋਂ ਅੰਮ੍ਰਿਤਸਰ ਦੇ ਡੀਸੀ ਹਰਪ੍ਰੀਤ ਸਿੰਘ ਸੂਦਨ ਦੇ ਨਾਲ ਜਥੇਬੰਦੀ ਦੀ ਮੀਟਿੰਗ ਕਰਵਾਈ ਗਈ, ਜਿਸ ਵਿਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਵਿੱਚੋਂ ਇੱਕ ਮੰਗ ਜੋ ਕਿ ਅੰਮ੍ਰਿਤਸਰ ਦੇ ਦਿੱਲੀ-ਕੱਟੜਾ ਐਕਸਪ੍ਰੈਸ ਪ੍ਰਾਜੈਕਟ ਦੇ ਮੁਆਵਜ਼ੇ ਨੂੰ ਲੈ ਕੇ ਸੀ, ਬਾਰੇ ਚਰਚਾ ਕੀਤੀ ਗਈ। ਐਸਡੀਐਮ ਵੱਲੋਂ ਕੀਤੇ ਘੁਟਾਲੇ ਵਿਚ ਕਾਰਵਾਈ ਕਰਨ ਦੀ ਗੱਲ ਨੂੰ ਮੰਨ ਲਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਕਤ ਐਸ ਡੀ ਐਮ ਰਾਜੇਸ਼ ਸ਼ਰਮਾ ਉੱਤੇ 15 ਦਿਨ ਦੇ ਅੰਦਰ ਕਾਰਵਾਈ ਕਰ ਦਿੱਤੀ ਜਾਵੇਗੀ। ਇਸ ਦੀ ਲਿਖਤ ਗਰੰਟੀ ਜਥੇਬੰਦੀ ਦੇ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਰਾਤ ਦੋ ਵਜੇ ਦੇ ਕਰੀਬ ਭੰਡਾਰੀ ਪੁੱਲ ਤੋਂ ਧਰਨਾ ਚੁੱਕ ਕੱਥੂਨੰਗਲ ਟੋਲ ਪਲਾਜ਼ਾ ’ਤੇ ਲਗਾ ਦਿੱਤਾ ਗਿਆ ਹੈ।

ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਧਰਨੇ ਲਗਾਏ ਗਏ ਹਨ, ਜਿਸ ਵਿੱਚ ਕੱਥੂਨੰਗਲ ਟੋਲ ਪਲਾਜ਼ਾ ਦਾ ਧਰਨਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਡੀ ਸੀ ਵੱਲੋਂ ਐਸਡੀਐਮ ਉਪਰ ਕਾਰਵਾਈ ਦੇ ਭਰੋਸੇ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ ਹੈ ਪਰ ਜੋ ਵਾਅਦਾ ਖਿਲਾਫੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਕੀਤੀ ਹੈ, ਉਸ ਨੂੰ ਲੈ ਕੇ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਹੋ ਜਾਂਦੇ।

ਕਿਸਾਨਾਂ ਦੀਆਂ ਮੰਗਾਂ

  • ਕਿਸਾਨਾਂ ਦਾ ਐਮਐਸਪੀ ਦਾ ਮੁੱਦਾ
  • ਮੁਸ਼ਤਰਕਾ ਜ਼ਮੀਨ ਦੇਣ ਦਾ ਮੁੱਦਾ
  • ਗੜੇਮਾਰੀ ਨਾਲ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ
  • ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦਾ ਵਾਅਦੇ