ਲੁਧਿਆਣਾ : ਕਿਸੇ ਵੇਲੇ ਬੱਕਰੀ ਪਾਲਨ(Goat farming) ਨੂੰ ਗ਼ਰੀਬਾਂ ਦਾ ਕਿੱਤਾ ਮੰਨਿਆ ਜਾਂਦਾ ਸੀ ਪਰ ਅੱਜ ਹਾਲਾਤ ਬਦਲ ਚੁੱਕੇ ਹਨ। ਹੁਣ ਚੰਗੀ ਆਰਥਿਕਤਾ ਵਾਲੇ ਲੋਕ ਵੀ ਇਸ ਕਿੱਤੇ ਵੱਲ ਦਿਲਚਸਪੀ ਲੈ ਰਹੇ ਹਨ ਅਤੇ ਚੋਖੀ ਕਮਾਈ ਕਰ ਰਹੇ ਹਨ। ਬੱਕਰੀ ਦੇ ਦੁੱਧ ਨਾਲ ਬਣੇ ਉਤਪਾਦਾਂ ਦੀ ਮਾਰਕੀਟ ਵਿੱਚ ਦਿਨ ਪ੍ਰਤੀ ਦਿਨ ਮੰਗ ਵੱਧ ਰਹੀ ਹੈ। ਹੁਣ ਬਾਜ਼ਾਰ ਵਿੱਚ ਬੱਕਰੀ ਦੇ ਦੁੱਧ ਦਾ ਚੀਜ਼ (goat cheese) ਚਰਚਾ ਵਿੱਚ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਰਕੀਟ ਵਿੱਚ ਇਹ 3200 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ।
ਬੱਕਰੀ ਪਾਲਨ ਦਾ ਕਿੱਤਾ ਕਰ ਰਹੇ ਗਰੀਨ ਪੌਕਿਟ ਕੰਪਨੀ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਬਾਜ਼ਾਰ ਵਿੱਚ ਬੱਕਰੀ ਦੇ ਦੁੱਧ ਦੇ ਚੀਜ਼ ਦੀ ਬਹੁਤ ਮੰਗ ਹੈ। ਹਾਲਤ ਇਹ ਹੈ ਕਿ ਇਸ ਮੰਗ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਚੀਜ਼ ਮਹਿੰਗੇ ਭਾਅ ਤੋਂ ਦਰਾਮਦ ਹੋ ਰਿਹਾ ਹੈ। ਇਹ ਚੀਜ਼ 2800 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਸਹਾਇਕ ਪ੍ਰੋਫੈਸਰ ਪ੍ਰਣਵ ਕੁਮਾਰ ਸਿੰਘ ਨੇ ਕਿਹਾ ਕਿ ਬੱਕਰੀ ਦੇ ਦੁੱਧ ਦਾ ਚੀਜ਼ 1500 ਤੋਂ ਲੈ ਕੇ 2000 ਰੁਪਏ ਤੱਕ ਮਿਲ ਰਿਹਾ ਹੈ।
ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਵੱਡੀ ਮੱਲ ਮਾਰੀ
ਕਿਸਾਨਾਂ ਲਈ ਖ਼ੁਸ਼ੀ ਦੀ ਗੱਲ ਇਹ ਹੈ ਕਿ ਹੁਣ ਉਹ ਖ਼ੁਦ ਵੀ ਇਹ ਚੀਜ਼ ਤਿਆਰ ਕਰ ਸਕਦੇ ਹਨ। ਜੀ ਹਾਂ ਗਡਵਾਸੂ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਵੱਡੀ ਮੱਲ ਮਾਰੀ ਹੈ। ਯੂਨੀਵਰਸਿਟੀ ਦੇ ਮਾਹਰਾਂ ਨੇ ਬੱਕਰੀ ਦੇ ਦੁੱਧ ਤੋਂ ਚੀਜ਼ ਤਿਆਰ ਕਰਨ ਦੀ ਕਾਢ ਕੱਢੀ ਹੈ। ਪ੍ਰੋਫੈਸਰ ਪ੍ਰਣਵ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬੱਕਰੀ ਦੇ ਦੁੱਧ ਦਾ ਚੀਜ਼ ਤਿਆਰ ਕਰਨ ਦੀ ਤਕਨਾਲੋਜੀ ਵਿਕਸਤ ਕੀਤੀ ਹੈ। ਇਸ ਨੂੰ ਬੱਕਰੀ ਪਾਲਕ ਆਪਣੇ ਘਰ ਹੀ ਤਿਆਰ ਕਰ ਸਕਦਾ ਹੈ। ਇਹ ਕਰੀਬ 30 ਦਿਨ ਖ਼ਰਾਬ ਨਹੀਂ ਹੁੰਦਾ। ਇਸ ਦੀ ਪੈਕਿੰਗ ਕਰ ਕੇ ਬਾਜ਼ਾਰ ਵਿੱਚ ਵੇਚ ਕੇ ਚੰਗੀ ਕਮਾਈ ਕਰ ਸਕਦਾ ਹੈ।
ਸਿਹਤ ਲਈ ਦੁੱਧ ਨਾਲੋਂ ਜ਼ਿਆਦਾ ਫ਼ਾਇਦੇਮੰਦ
ਡੇਅਰੀ ਤਕਨਾਲੋਜੀ ਦੀ ਸਹਾਇਕ ਪ੍ਰੋਫੈਸਰ ਨੀਤਿਕਾ ਗੋਇਲ ਨੇ ਕਿਹਾ, “ਇਹ ਬਹੁਤ ਜ਼ਿਆਦਾ ਪਾਚਕ ਹੈ, ਜਿਸ ਵਿੱਚ ਬਹੁਤ ਸਾਰੇ ਖਣਿਜ ਹੁੰਦੇ ਹਨ। ਲੋਕ ਆਮ ਤੌਰ ‘ਤੇ ਬੱਕਰੀ ਦੇ ਦੁੱਧ ਨੂੰ ਇਸ ਦੇ ਖ਼ਾਸ ਸੁਆਦ ਲਈ ਪਸੰਦ ਨਹੀਂ ਕਰਦੇ, ਪਰ ਇਸਦਾ ਚੀਜ਼ ਜਿੱਥੇ ਬਹੁਤ ਹੀ ਸੁਆਦ ਹੈ, ਉੱਥੇ ਹੀ ਦੁੱਧ ਨਾਲੋਂ ਵੀ ਜ਼ਿਆਦਾ ਸਿਹਤਮੰਦ ਹੈ।
ਕਿਸਾਨਾਂ ਲੈ ਸਕਦੇ ਸਿਖਲਾਈ
ਖ਼ਾਸ ਗੱਲ ਇਹ ਹੈ ਕਿ ਗਡਵਾਸੂ ਬੱਕਰੀ ਪਾਲਕਾਂ ਨੂੰ ਚੀਜ਼ ਬਣਾਉਣ ਦੀ ਸਿਖਲਾਈ ਵੀ ਦੇ ਰਹੀ ਹੈ। ਇਸ ਦੇ ਨਾਲ ਹੀ ਜੇਕਰ ਕੋਈ ਵੀ ਕਿਸਾਨ ਇਸ ਦਾ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਯੂਨੀਵਰਸਿਟੀ ਉਸ ਨੂੰ ਆਪਣੀ ਤਕਨਾਲੋਜੀ ਵੀ ਦੇਣ ਨੂੰ ਤਿਆਰ ਹੈ। ਪ੍ਰਣਵ ਕੁਮਾਰ ਸਿੰਘ ਨੇ ਦੱਸਿਆ ਕਿ ਚੀਜ਼ ਤਿਆਰ ਕਰਨ ਲਈ ਸਿਖਲਾਈ ਲੈਣ ਲਈ ਕੋਈ ਵੀ ਕਿਸਾਨ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦਾ ਹੈ।
ਮਾਰਕੀਟ ਵਿੱਚ ਬੱਕਰੀ ਦੀ ਚੀਜ਼ ਦੀ ਡਿਮਾਂਡ ਪੂਰੀ ਨਾ ਹੋਣ ਕਾਰਨ ਇਹ ਵਿਦੇਸ਼ਾਂ ਤੋਂ ਦਰਾਮਦ ਹੋ ਰਿਹਾ ਹੈ। ਬੱਕਰੀ ਪਾਲਕ ਬੱਕਰੀ ਦੇ ਦੁੱਧ ਦੇ ਨਾਲ ਚੀਜ਼ ਦਾ ਉਤਪਾਦਨ ਕਰ ਚੋਖੀ ਕਮਾਈ ਕਰ ਸਕਦੇ ਹਨ।