ਰਾਜਪੁਰਾ : ਬੇਇਨਸਫਾਈ ਲਈ ਲੋਕਾਂ ਦੀ ਅਵਾਜ਼ ਬਣਨ ਵਾਲੇ ਇਕ ਪੱਤਰਕਾਰ ਨੇ ਆਪਣੀ ਅਵਾਜ਼ ਹਮੇਸ਼ਾ ਲਈ ਸ਼ਾਂਤ ਕਰ ਦਿੱਤੀ । ਰਾਜਪੁਰਾ ਦੇ ਇਕ ਸੀਨੀਅਰ ਪੱਤਰਕਾਰ ਰਮੇਸ਼ ਸ਼ਰਮਾ ਵੱਲੋਂ ਸੂਸਾਈਡ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਪੋਸਟ ਰਾਹੀ ਰਮੇਸ਼ ਸ਼ਰਮਾ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਅਤੇ ਉਨ੍ਹਾਂ ਦੇ ਪੁੱਤਰ ਨਿਰਭੈਅ ਸਿੰਘ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਰਮੇਸ਼ ਸ਼ਰਮਾ ਨੇ ਇੱਕ ਸੂਸਾਈਡ ਨੋਟ ਵੀ ਛੱਡਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੇ 4 ਸਾਲ ਪਹਿਲਾਂ ਉਨ੍ਹਾਂ ਦਾ ਰੁਜ਼ਗਾਰ ਬੰਦ ਕਰਵਾਇਆ ਸੀ। ਜਿਸ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਏ ਸਨ। ਸੂਸਾਈਡ ਨੋਟ ਵਿਚ ਕੁਝ ਪੱਤਰਕਾਰਾਂ ਅਤੇ ਵਕੀਲਾਂ ਦਾ ਨਾਂ ਵੀ ਲਿਖਿਆ ਹੋਇਆ ਹੈ । ਰਮੇਸ਼ ਸ਼ਰਮਾ ਵੱਲੋਂ ਲਿਖੇ ਗਏ ਸੂਸਾਈਡ ਨੋਟ ਵਿੱਚ ਪੱਤਰਕਾਰਾਂ ਅਤੇ ਪਰਿਵਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਤੱਕ ਉਨ੍ਹਾਂ ਵੱਲੋਂ ਲਿਖੇ ਗਏ ਨਾਵਾਂ ‘ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਨ੍ਹਾਂ ਦਾ ਸਸਕਾਰ ਨਾ ਕੀਤਾ ਜਾਵੇ। ਪੁਲਿਸ ਰਮੇਸ਼ ਸ਼ਰਮਾ ਦੇ ਸੂਸਾਈਡ ਨੋਟ ਦੀ ਪੜਤਾਲ ਕਰ ਰਹੀ ਹੈ । ਆਖਿਰ ਕਿਉਂ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਦਾ ਨਾਂ ਲਿਖਿਆ ? ਕਿਵੇਂ 4 ਸਾਲ ਪਹਿਲਾਂ ਸਾਬਕਾ ਵਿਧਾਇਕ ਉਸ ਦੇ ਰੁਜ਼ਗਾਰ ਜਾਣ ਦੀ ਵਜ੍ਹਾ ਬਣੇ ਸਨ ?
ਹਰਦਿਆਲ ਕੰਬੋਜ਼ ਰਾਜਪੁਰਾ ਤੋਂ ਕਾਂਗਰਸ ਦੀ ਟਿਕਟ ‘ਤੇ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਸਨ । ਇਸ ਵਾਰ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਉਹ ਰਾਜਪੁਰਾ ਤੋਂ ਹਾਰ ਗਏ ਸਨ। ਇਕ ਵਕਤ ਹਰਦਿਆਲ ਕੰਬੋਜ਼ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਂਦੇ ਸਨ। ਕੁਝ ਵਕਤ ਪਹਿਲਾਂ ਮਾਨ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘੱਟ ਕੀਤੀ ਸੀ ਤਾਂ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਤੋਂ ਬਾਅਦ ਮੁੜ ਤੋਂ ਹਰਦਿਆਲ ਕੰਬੋਜ਼ ਦੀ ਸੁਰੱਖਿਆ ਵੱਧਾ ਦਿੱਤੀ ਗਈ ਸੀ ।