ਚੰਡੀਗੜ੍ਹ : ਕੀ ਤੁਸੀਂ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਪਿੰਡ ਦੇ ਘਰ-ਘਰ ਨੂੰ ਸਨਮਾਨ ਮਿਲ ਰਿਹਾ ਹੋਵੇ। ਜੀ ਹਾਂ ਇਹ ਮਾਣ ਪਟਿਆਲਾ (Patiala) ਜ਼ਿਲ੍ਹੇ ਦੇ ਨਾਭਾ ਬਲਾਕ ਦੇ ਪਿੰਡ ਖਨੋੜਾ(khanora) ਨੂੰ ਮਿਲ ਰਿਹਾ ਹੈ। ਇਹ ਹੋਰਨਾਂ ਪਿੰਡਾਂ ਲਈ ਵੀ ਉਮੀਦ ਦੀ ਨਵੀਂ ਕਿਰਨ ਬਣ ਰਿਹਾ ਹੈ। ਗੁਆਂਢੀ ਪਿੰਡਾ ਵਿੱਚ ਇਸ ਦਾ ਚਾਨਣ ਫੈਲਣ ਲੱਗਾ ਹੈ।
ਅਸਲ ਵਿੱਚ ਇਹ ਪਿੰਡ ਪਰਾਲੀ ਸਾੜਨ ਦੇ ਝੰਜਟ ਤੋਂ ਸਦਾ ਲਈ ਮੁਕਤ ਹੋ ਚੁੱਕਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਸਾਨਾਂ ਨੇ ਆਪਣੀ ਜੇਬ ਵਿੱਚੋਂ ਇੱਕ ਵੀ ਪੈਸਾ ਖ਼ਰਚੇ ਬਿਨਾਂ ਹੀ ਇਹ ਕਾਰਨਾਮਾ ਕਰ ਦਿਖਾਇਆ ਹੈ। ਆਓ ਜਾਣਦੇ ਹਾਂ ਇਹ ਅਸੰਭਵ ਕੰਮ ਕਿਵੇਂ ਸੰਭਵ ਹੋਇਆ। ਦਰਅਸਲ ਸੀ.ਆਈ.ਆਈ.ਫਾਊਡੇਸ਼ਨ(CII Foundation) ਨੇ ਇਹ ਮਸ਼ੀਨਾਂ ਪਿੰਡ ਦੀਆਂ ਸਹਿਕਾਰੀ ਸਭਾ ਨੂੰ ਮੁਹੱਈਆ ਕਰਵਾਈਆਂ। ਜਿੱਥੋਂ ਕਿਸਾਨਾਂ ਵੱਲੋਂ ਸਿਰਫ਼ ਨਾ-ਮਾਤਰ ਖ਼ਰਚੇ ਨਾਲ ਇਹ ਵਰਤੀਆਂ ਜਾਂਦੀਆਂ ਹਨ।
ਪਿੰਡ ਦੇ ਅਗਾਂਹਵਧੂ ਕਿਸਾਨ ਜਸਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਭਾਰਤੀ ਉਦਯੋਗ ਸੰਘ (Confederation of Indian Industry) ਦੀ ਫਾਊਡੇਸ਼ਨ ਨੇ ਪਿੰਡ ਦੀਆਂ ਸਹਿਕਾਰੀ ਸਭਾ ਵਿੱਚ ਪਰਾਲੀ ਸਾਂਭ-ਸੰਭਾਲ ਲਈ ਸੰਦ ਮੁਹੱਈਆ ਕਰਵਾਈਆਂ। ਇਹ ਸਾਰੀਆਂ ਮਸ਼ੀਨਾਂ ਸਭਾ ਨੂੰ ਮੁਫ਼ਤ ਵਿੱਚ ਹੀ ਦਿੱਤੀਆਂ ਗਈਆਂ। ਕਿਸਾਨ ਇੰਨਾ ਮਸ਼ੀਨਾਂ ਨੂੰ ਸਿਰਫ਼ 50-60 ਰੁਪਏ ਦੇ ਕਿਰਾਏ ਨਾਲ ਵਰਤ ਰਹੇ ਹਨ। ਸਭਾ ਵਿੱਚ ਬੁਕਿੰਗ ਦੇ ਆਧਾਰ ਉੱਤੇ ਮਸ਼ੀਨ ਮਿਲ ਜਾਂਦੀ ਹੈ। ਹੁਣ ਵਿੱਚ ਵਿੱਚ ਇਸ ਪੱਧਰ ਉੱਤੇ ਏਕਾ ਹੋ ਗਿਆ ਹੈ ਕਿ ਪਰਾਲੀ ਨੂੰ ਸਾੜਨ ਦੀ ਥਾਂ ਲੋਕ ਮਸ਼ੀਨ ਲਈ ਸਬਰ ਵੀ ਕਰ ਲੈਂਦੇ ਹਨ। ਸ਼ੁਰੂ ਵਿੱਚ ਸੰਸਥਾ ਨੇ ਮਸ਼ੀਨਾਂ ਦੇ ਨਾਲ ਟਰੈਕਟਰ ਵੀ ਮੁਹੱਈਆ ਕਰਵਾਏ।
ਅਸੀਂ ਆਮ ਦੇਖਦੇ ਹਾਂ ਕਿ ਕਈ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਮਸ਼ੀਨਾਂ ਹੋਣ ਦੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਰ ਇਸ ਪਿੰਡ ਵਿੱਚ ਖ਼ਾਸ ਉਪਰਾਲੇ ਸਕਦੇ ਹੀ ਕਿਸਾਨਾਂ ਦੀ ਸੋਚ ਬਦਲੀ ਹੈ। CII ਫਾਊਡੇਸ਼ਨ ਦੇ ਪ੍ਰੋਜੈਕਟ ਐਸੋਸੀਏਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਸਮਝਾਉਣਾ ਬਹੁਤ ਮੁਸ਼ਕਿਲ ਸੀ। ਪਰ ਸੰਸਥਾ ਦੇ ਵਲੰਟੀਅਰਾਂ ਦੀ ਮਿਹਨਤ ਸਕਦਾ ਕਿਸਾਨਾਂ ਨੇ ਮੋੜਾ ਕੱਟਿਆ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਮਹਿਕਮੇ ਦਾ ਸਹਾਰਾ ਲਿਆ ਗਿਆ। ਸਮੇਂ-ਸਮੇਂ ਉੱਤੇ ਮਾਹਰਾਂ ਵੱਲੋਂ ਜਾਗਰੂਕ ਕੈਂਪ ਲਗਾਏ ਗਏ। ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਫ਼ਰੀ ਵਿੱਚ ਪਰਾਲੀ ਦੇ ਛੁਟਕਾਰੇ ਲਈ ਮਸ਼ੀਨਾਂ ਵਰਤਣ ਲਈ ਦਿੱਤੀਆਂ ਗਈਆਂ। ਇਸ ਉੱਪਰ ਦੇ ਕਿਸਾਨ ਬਿਲਕੁਲ ਨਾ-ਮਾਤਰ ਕਿਰਾਏ ਉੱਤੇ ਮਸ਼ੀਨਾਂ ਵਰਤ ਸਕਦੇ ਸਨ।
CII ਫਾਊਡੇਸ਼ਨ ਦੇ ਪ੍ਰੋਜੈਕਟ ਮੁਖੀ ਚੰਦਰਕਾਂਤ ਪ੍ਰਧਾਨ ਨੇ ਦੱਸਿਆ ਕਿ ਬਹੁਤ ਸਾਰੀਆਂ ਕੰਪਨੀਆਂ ਦੇ ਸਹਿਯੋਗ ਨਾਲ ਸ਼ੁੱਧ ਹਵਾ ਲੰਬੀ ਉਮਰ ਮਿਸ਼ਨ ਚਲਾਇਆ ਜਾ ਰਿਹਾ ਹੈ। ਜਿਸ ਤਹਿਤ 300 ਤੋਂ ਉੱਪਰ ਪਿੰਡਾਂ ਨੂੰ ਗੋਦ ਲਿਆ ਗਿਆ ਹੈ। ਹੁਣ ਇਹਨਾਂ ਪਿੰਡਾਂ ਵਿੱਚ ਪਰਾਲੀ ਸਾੜਨਾ ਬੰਦ ਹੋ ਚੁੱਕਾ ਹੈ।
CII ਫਾਊਡੇਸ਼ਨ ਦੇ ਪ੍ਰੋਜੈਕਟ ਐਸੋਸੀਏਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਹਰ ਸਾਲ ਨਵੇਂ ਪਿੰਡਾਂ ਨੂੰ ਗੋਦ ਲੈ ਰਹੀ ਹੈ। ਇਹ ਪਿੰਡ ਪੰਜਾਬ ਦੇ ਹੌਟ ਸਪਾਟ ਖੇਤਰ ਦੇ ਹਨ, ਜਿੱਥੇ ਸਭ ਤੋਂ ਵੱਧ ਪਰਾਲੀ ਸਾੜੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਵੀ ਆਪਣੇ ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਵਾਉਣ ਚਾਹੁੰਦੇ ਹੋ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ।
ਇਹ ਪਿੰਡ ਪੰਜਾਬ ਦੇ ਹੋਰਨਾਂ ਪਿੰਡਾਂ ਲਈ ਇੱਕ ਮਿਸਾਲ ਬਣਿਆ ਹੈ ਕਿ ਸਮੂਹਿਕ ਭਾਵਨਾ ਸਦਕਾ ਵੱਡੇ ਤੋਂ ਵੱਡੇ ਮਸਲੇ ਵੀ ਹੱਲ ਕੀਤੇ ਜਾ ਸਕਦੇ ਹਨ। ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਨਿੱਜੀ ਤੌਰ ਤੇ ਮਹਿੰਗੀਆਂ ਮਸ਼ੀਨਾਂ ਖ਼ਰੀਦਣ ਦੀ ਲੋੜ ਨਹੀਂ। ਜੇਕਰ ਪਿੰਡ ਦੀਆਂ ਸਹਿਕਾਰੀ ਸਭਾਵਾਂ ਵਿੱਚ ਲੋੜੀਂਦਾ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ ਅਤੇ ਲੋਕਾਂ ਵਿੱਚ ਏਕਾ ਹੋਵੇ ਤਾਂ ਇਸ ਵੱਡੀ ਸਮੱਸਿਆ ਨੂੰ ਵੀ ਸਰ ਕੀਤਾ ਜਾ ਸਕਦਾ ਹੈ। ਪਿੰਡ ਨੂੰ ਸਦਾ ਲਈ ਜ਼ਹਿਰੀਲੀ ਧੂੰਏਂ ਤੋਂ ਮੁਕਤੀ ਮਿਲ ਸਕਦੀ ਹੈ।