ਅੰਮ੍ਰਿਤਸਰ :ਨਿਹੰਗ ਜੱਥੇਬੰਦੀਆਂ ਨੇ ਆਰਐਸਐਸ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਮੁਲਜ਼ਮ ਸੰਦੀਪ ਸਿੰਘ ਰਾਮਗੜ੍ਹੀਆ ਦੇ ਘਰ ਦੇ ਬਾਹਰ ਡੇਰੇ ਲਾਉਣ ਦਾ ਫੈਸਲਾ ਕਰ ਲਿਆ ਹੈ ਤੇ ਕਿਹਾ ਹੈ ਕਿ ਜਦੋਂ ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਨਹੀਂ ਹੋ ਜਾਂਦੀ, ਇਹ ਨਿਹੰਗ ਜੱਥੇਬੰਦੀਆ ਉਥੇ ਹੀ ਰਹਿਣਗੀਆਂ। ਮੁਲਜ਼ਮ ਸੰਦੀਪ ਨੂੰ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਅਤੇ ਕੱਲ ਉਸਦਾ ਰਿਮਾਂਡ ਪੂਰਾ ਹੋ ਰਿਹਾ ਹੈ।
ਪਿਛਲੇ ਹਫਤੇ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸੁਧੀਰ ਸੂਰੀ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਘਟਨਾ ਵਾਪਰਨ ਤੋਂ ਕੁਝ ਸਮਾਂ ਬਾਅਦ ਹੀ ਸੂਰੀ ਤੇ ਗੋਲੀਆਂ ਚਲਾਉਣ ਵਾਲੇ ਸੰਦੀਪ ਸਿੰਘ ਰਾਮਗੜ੍ਹੀਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਸ ਕੋਲੋਂ ਵਾਰਦਾਤ ਵੇਲੇ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਹੋਇਆ ਸੀ।
ਉਦੋਂ ਤਾਂ ਉਸ ਦਾ ਪਰਿਵਾਰ ਘਰੋਂ ਰੁਪੋਸ਼ ਹੋ ਗਿਆ ਸੀ ਕਿਉਂਕਿ ਕਈ ਹਿੰਦੂ ਸੰਗਠਨਾਂ ਵੱਲੋਂ ਸੰਦੀਪ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਮਿੱਲ ਰਹੀਆਂ ਸਨ।ਜਿਸ ਨੂੰ ਦੇਖਦੇ ਹੋਏ ਹੁਣ ਨਿਹੰਗ ਸਿੱਖ ਜੱਥੇਬੰਦੀਆਂ ਨੇ ਘਰ ਦੇ ਬਾਹਰ ਡੇਰੇ ਲਾ ਲਏ ਹਨ।
ਨਿਹੰਗ ਜਥੇਬੰਦੀਆਂ ਨੇ ਕਿਹਾ ਹੈ ਕਿ ਸੰਦੀਪ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿੱਖ ਕੌਮ ਦੀ ਹੈ। ਇਸ ਲਈ ਉਸ ਦੇ ਘਰ ਦੀ ਸੁਰੱਖਿਆ ਦਾ ਜਿੰਮਾ ਹੁਣ ਨਿਹੰਗ ਸਿੱਖਾਂ ਨੇ ਲੈ ਲਿਆ ਹੈ ਤੇ ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਹੋਣ ਤੱਕ ਉਹ ਉੱਥੇ ਹੀ ਰਹਿਣਗੇ।
ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਮੁਲਜ਼ਮ ਸੰਦੀਪ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਗਲੇ ਹੀ ਦਿਨ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ 7 ਦਿਨਾਂ ਦੇ ਰਿਮਾਂਡ ਲੈ ਲਿਆ ਸੀ । ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।