Punjab

ਡੇਰਾ ਪ੍ਰੇਮੀ ਦੇ ਕਤਲ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਅਣਗਹਿਲੀਆਂ ਕਰਕੇ ਹੋਇਆ – ਹਰਜੀਤ ਗਰੇਵਾਲ

ਕੋਟਕਪੂਰਾ : ਬੇਅਬਦੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਪਰਦੀਪ ਕੁਮਾਰ ਦਾ ਅੱਜ ਕੋਟਕਪੁਰਾ ‘ਚ ਤੜਕਸਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਘਿਰਦੀ ਦਿਖਾਈ ਦੇ ਰਹੀ ਹੈ।

ਕਾਂਗਰਸ ਤੋਂ ਬਾਅਦ ਹੁਣ ਬੀਜੇਪੀ ਨੇ ਵੀ ਭਗਵੰਤ ਮਾਨ ਦੀ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬੀਜੀਪੇ ਲੀਡਰ ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਤਾਂ ਸਿਆਸੀ ਦੌਰੇ ‘ਤੇ ਕਦੇ ਹਿਮਾਚਲ ਪ੍ਰਦੇਸ਼ ਤੇ ਕਦੇ ਗੁਜਰਾਤ ਵਿੱਚ ਜਾ ਰਹੇ ਹਨ ਤੇ ਪਿੱਛੇ ਸੂਬੇ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।

ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਮਾੜੀਆਂ ਨੀਤੀਆਂ ਕਰਕੇ ਹੀ ਪੰਜਾਬ ‘ਚ ਹਾਲਾਤ ਬੇਕਾਬੂ ਹੋ ਗਏ ਹਨ। ਉਹਨਾਂ ਨੇ ਡੇਰਾ ਪ੍ਰੇਮੀ ਪਰਦੀਪ ਸਿੰਘ ਦੇ ਕਤਲ ਲਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਗਰੇਵਾਲ ਨੇ ਕਿਹਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਅਣਗਹਿਲੀਆਂ ਕਰਕੇ ਹੀ ਇਹ ਕਤਲ ਹੋਇਆ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਦੌਰੇ ਛੱਡ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਸੁਧਾਰਣ ‘ਚ ਧਿਆਨ ਦੇਣ।