ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪੰਜ ਮਹੀਨੇ ਬਾਅਦ ਵੀ ਉਸਦੇ ਪਰਿਵਾਰ ਨੂੰ ਇੰਨਸਾਫ ਨਹੀਂ ਮਿਲਿਆ। ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਉਨ੍ਹਾਂ ਦੇ ਕਤਲ ਦਾ ਇਨਸਾਫ਼ ਦਿਵਾਉਣ ਲਈ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਉਥੇ ਹੀ ਕੁਝ ਲੋਕ ਪੈਸੇ ਕਮਾਉਣ ਲਈ ਸਿੱਧੂ ਦੇ ਨਾਂ ਦੀ ਵਰਤੋਂ ਕਰ ਰਹੇ ਹਨ।
ਅਜਿਹੇ ਹੀ ਇੱਕ ਮਾਮਲਾ ਵਿੱਚ ਝੰਡਾ ਕਲਾਂ ਰੋਡ ’ਤੇ ਸਥਿਤ ਗਰਗ ਫੂਡ ਇੰਡਸਟਰੀਜ਼ ਦਾ ਸਾਹਮਣੇ ਆਇਆ ਜਿਥੇ ਗਰਗ ਫੂਡ ਇੰਡਸਟਰੀਜ਼, ਜੋ ਖਾਣ-ਪੀਣ ਦੀਆਂ ਵਸਤੂਆਂ ਦਾ ਨਿਰਮਾਣ ਕਰਦੀ ਹੈ, ਦੇ ਮਾਲਕ ਵੱਲੋਂ ਪਰਿਵਾਰ ਦੀ ਮਨਜ਼ੂਰੀ ਤੋਂ ਬਿਨਾਂ ਫੈਕਟਰੀ ਵਿੱਚ ਬਣੇ ਚਿਪਸ ਦੇ ਰੈਪਰਾਂ ’ਤੇ ਮੂਸੇਵਾਲਾ ਦੀ ਫੋਟੋ ਅਤੇ ਨਾਮ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਸਬੰਧੀ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਾਮ ਅਤੇ ਫੋਟੋ ਉਨ੍ਹਾਂ ਦੀ ਮਨਜੂਰੀ ਤੋਂ ਬਿਨਾਂ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਵਾਲੀ ਇੱਕ ਫਰਮ ਵੱਲੋਂ ਵਰਤੀ ਜਾ ਰਹੀ ਹੈ।
ਪਿੰਡ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਨੁਮਾਇੰਦਿਆਂ ਵਜੋਂ ਪੁੱਜੇ ਹਰਪਾਲ ਸਿੰਘ ਅਤੇ ਕੁਲਦੀਪ ਨੇ ਦੱਸਿਆ ਕਿ ਉਕਤ ਫੈਕਟਰੀ ਮਾਲਕ ਮੂਸੇਵਾਲਾ ਦਾ ਨਾਂ ਵਰਤ ਕੇ ਮੁਨਾਫਾ ਕਮਾ ਰਹੇ ਹਨ, ਜਿਸ ਦਾ ਅੱਜ ਉਨ੍ਹਾਂ ਨੂੰ ਪਤਾ ਲੱਗਾ ਹੈ। ਇਸ ਕਰਕੇ ਉਹ ਪੁਲਸ ਨੂੰ ਲੈ ਕੇ ਪਹੁੰਚੇ ਹਨ।
ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਸਿੱਧੂ ਮੂਸੇਵਾਲਾ ਦੀ ਫੋਟੋ ਅਤੇ ਨਾਮ ਦੀ ਵਰਤੋਂ ਕਰਨ ਲਈ ਫੈਕਟਰੀ ਮਾਲਕ ਮਨੀਸ਼ ਕੁਮਾਰ ਨੇ ਪਰਿਵਾਰ ਤੋਂ ਮੁਆਫੀ ਮੰਗੀ ਹੈ। ਇਸ ਮੌਕੇ ਏ.ਐਸ.ਆਈ ਜਗਰਾਜ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਫੈਕਟਰੀ ਮਾਲਕ ਨੇ ਮੁਆਫ਼ੀ ਮੰਗ ਕੇ ਮਾਮਲਾ ਸੁਲਝਾ ਲਿਆ ਹੈ।
ਦੱਸ ਦਈਏ ਕਿ ਲੰਘੇ ਕੱਲ੍ਹ ਸਿੱਧੂ ਮੂਸੇਵਾਲਾ ( Sidhu Moose wala) ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ‘ਵਾਰ’ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਕੀਤਾ ਗਿਆ ਸੀ। ਉਸਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ ਜੋ ਪਰਿਵਾਰ ਨੇ ਰਿਲੀਜ਼ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਧਾਰਮਿਕ ਗੀਤ ਵਾਰ ਨੂੰ ਯੂਟਿਊਬ ਤੇ ਰਲੀਜ਼ ਹੋਏ ਨੂੰ 22 ਘੰਟੇ ਹੋਏ ਹਨ। ਸਿੱਧੂ ਮੂਸੇਵਾਲ ਦੇ ਚਾਹਵਾਨਾਂ ਨੇ ਉਸ ਦੀ ਮੌਤ ਤੋਂ ਬਾਅਦ ਇਨ੍ਹਾਂ ਪਿਆਰ ਦਿੱਤਾ ਕਿ ਮਹਿਜ਼ 22 ਘੰਟਿਆਂ ਚ ਇਕ ਕਰੋੜ ਲੋਕਾਂ ਨੇ ਵਾਰ ਗੀਤ ਨੂੰ ਸੁਣਿਆ ਹੈ