ਫਿਰੋਜ਼ਪੁਰ ਜ਼ਿਲ੍ਹੇ ਤੋਂ ਇਕ ਦੁੱਖਦਾਈ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ।ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਆਪਣੇ ਛੋਟੇ ਭਰਾ, ਭਤੀਜੇ ਅਤੇ ਆਪਣੀ ਧੀ ਸਣੇ ਕਾਰ ਨਹਿਰ ਵਿਚ ਸੁੱਟ ਦਿੱਤੀ। ਦੇਰ ਸ਼ਾਮ ਚਾਰਾਂ ਦੀਆਂ ਲਾਸ਼ਾਂ ਗੱਡੀ ਸਣੇ ਨਹਿਰ ਵਿੱਚੋਂ ਬਰਾਮਦ ਹੋ ਗਈਆਂ ਹਨ। ਜਸਵਿੰਦਰ ਸਿੰਘ ਉਰਫ਼ ਰਾਜੂ (33) ਸ਼ਹਿਰ ਦੇ ਮੁਹੱਲਾ ਬੁਧਵਾਰਾਂ ਵਿਚ ਰਹਿੰਦਾ ਸੀ ਤੇ ਟੈਕਸੀ ਚਲਾਉਂਦਾ ਸੀ।
ਉਸ ਦਾ ਆਪਣੀ ਪਤਨੀ ਨਾਲ ਕੁਝ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਕਰੀਬ ਅੱਠ ਦਿਨ ਪਹਿਲਾਂ ਉਸ ਦੀ ਪਤਨੀ ਘਰ ਛੱਡ ਕੇ ਚਲੀ ਗਈ ਸੀ ਜੋ ਅਜੇ ਤੱਕ ਵਾਪਸ ਨਹੀਂ ਆਈ। ਦੱਸਿਆ ਗਿਆ ਕਿ ਇਸ ਦੌਰਾਨ ਉਸ ਦੀ ਪਤਨੀ ਛਾਉਣੀ ਵਿੱਚ ਰਹਿਣ ਵਾਲੇ ਕਾਲੇ ਨਾਲ ਰਹਿਣ ਲੱਗ ਪਈ। ਇਸ ਕਰਕੇ ਜਸਵਿੰਦਰ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।
ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਸਵਿੰਦਰ ਨੇ ਅੱਜ ਸਵੇਰੇ ਸ਼ਰਾਬ ਪੀਤੀ ਤੇ ਬਾਅਦ ਵਿਚ ਫ਼ਾਜ਼ਿਲਕਾ ਰਹਿੰਦੇ ਆਪਣੇ ਵੱਡੇ ਭਰਾ ਸੋਨੂ ਨੂੰ ਦੱਸਿਆ ਕਿ ਉਹ ਆਪਣੇ ਦੋਵੇਂ ਬੱਚਿਆਂ ਦਿਵਿਆਂਸ਼ (14) ਅਤੇ ਗੁਰਲੀਨ ਕੌਰ (11) ਸਣੇ ਆਤਮ ਹੱਤਿਆ ਕਰਨ ਜਾ ਰਿਹਾ ਹੈ। ਸੋਨੂ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਝਿਆ ਤੇ ਉਹ ਆਪਣੇ ਪੁੱਤਰ ਅਗਮ ਨੂੰ ਨਾਲ ਲੈ ਕੇ ਫ਼ਿਰੋਜ਼ਪੁਰ ਆ ਗਿਆ। ਇੱਥੋਂ ਉਸ ਨੇ ਆਪਣੇ ਤੀਜੇ ਅਪਾਹਜ ਭਰਾ ਹਰਪ੍ਰੀਤ ਉਰਫ਼ ਬੰਟੂ ਨੂੰ ਨਾਲ ਲਿਆ ਤੇ ਤਲਵੰਡੀ ਜਾ ਕੇ ਜਸਵਿੰਦਰ ਨਾਲ ਮੁਲਾਕਾਤ ਕਰਕੇ ਉਸ ਨੂੰ ਸਮਝਾਇਆ।
ਸੋਨੂ ਨੇ ਆਪਣੇ ਭਰਾ ਬੰਟੂ ਨੂੰ ਜਸਵਿੰਦਰ ਦੇ ਨਾਲ ਕਾਰ ਵਿਚ ਬਿਠਾ ਦਿੱਤਾ। ਪਿੰਡ ਘੱਲ ਖੁਰਦ ਵਿੱਚੋਂ ਲੰਘਦੀਆਂ ਜੌੜੀਆਂ ਨਹਿਰਾਂ ’ਤੇ ਆ ਕੇ ਜਸਵਿੰਦਰ ਨੇ ਫ਼ਿਰ ਤੋਂ ਕਾਰ ਰੋਕ ਲਈ। ਇੰਨੀ ਦੇਰ ਨੂੰ ਸੋਨੂ ਵੀ ਐਕਟਿਵਾ ’ਤੇ ਉਥੇ ਪਹੁੰਚ ਗਿਆ। ਸੋਨੂ ਨੇ ਜਸਵਿੰਦਰ ਦੇ ਪੁੱਤਰ ਦਿਵਿਆਂਸ਼ ਨੂੰ ਗੱਡੀ ਵਿੱਚੋਂ ਉਤਾਰ ਕੇ ਆਪਣੇ ਪੁੱਤਰ ਅਗਮ (11) ਨੂੰ ਬਿਠਾ ਦਿੱਤਾ। ਸੋਨੂ ਆਪਣੀ ਐਕਟਿਵਾ ’ਤੇ ਕਾਰ ਤੋਂ ਅੱਗੇ ਜਾਣ ਲੱਗਿਆ। ਜਸਵਿੰਦਰ ਨੇ ਅਚਾਨਕ ਆਪਣਾ ਇਰਾਦਾ ਬਦਲ ਦਿੱਤਾ ਤੇ ਗੱਡੀ ਤੇਜ਼ੀ ਨਾਲ ਭਜਾ ਕੇ ਨਹਿਰ ਵਿਚ ਸੁੱਟ ਦਿੱਤੀ। ਇਹ ਵਾਰਦਾਤ ਅੱਜ ਸਵੇਰੇ ਕਰੀਬ ਦਸ ਵਜੇ ਦੀ ਦੱਸੀ ਜਾਂਦੀ ਹੈ।
ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਕਈ ਘੰਟੇ ਬਚਾਓ ਕਾਰਜ ਕਰਨ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢਿਆ ਗਿਆ, ਪ੍ਰੰਤੂ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਥਾਣਾ ਘੱਲ ਖੁਰਦ ਦੇ ਮੁਖੀ ਅਭਿਨਵ ਚੌਹਾਨ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।