Punjab

SGPC ਪ੍ਰਧਾਨ ਦੀ ਲੜਾਈ ਵਿਚ ਕਿਸ ਦੀ ਜਿੱਤ ਹੋਵੇਗੀ,ਅੱਜ ਸ਼ਾਮ ਨੂੰ ਲੱਗੂ ਪਤਾ

ਅੰਮ੍ਰਿਤਸਰ : ਸਿੱਖਾਂ ਦੀ ਸਿਰਮੋਰ ਸੰਸਥਾ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅੱਜ ਚੋਣ ਹੋਣ ਜਾ ਰਹੀ ਹੈ। ਇਹ ਮੁਕਾਬਲਾ ਬੜਾ ਦਿਲਚਸਪ ਮੁਕਾਬਲਾ ਹੋਵੇਗਾ ਕਿਉਂਕਿ ਇੱਕ ਪਾਸੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਹਨ ਤੇ ਦੂਜੇ ਪਾਸੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹਨ,ਜਿਹਨਾਂ ਨੇ ਪਾਰਟੀ ਨਾਲ ਵਿਦਰੋਹ ਦਾ ਐਲਾਨ ਕੀਤਾ ਹੋਇਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਦੁਪਹਿਰ ਇੱਕ ਵਜੇ ਸ਼ੁਰੂ ਹੋਵੇਗਾ। ਇਸ ਚੋਣ ਵਿੱਚ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਧਾਮੀ ਉਮੀਦਵਾਰ ਹਨ ਜਦੋਂ ਕਿ ਵਿਰੋਧੀ ਧਿਰਾਂ ਵੱਲੋਂ ਮੈਦਾਨ ‘ਚ ਬੀਬੀ ਜਗੀਰ ਕੌਰ ਨੂੰ ਉਤਾਰਿਆ ਗਿਆ ਹੈ । ਇਹਨਾਂ ਚੋਣਾਂ ਵਿੱਚ ਹੀ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਵੀ ਹੋਵੇਗੀ ਚੋਣ ਹੋਵੇਗੀ। ਐਮਪੀਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਚੋਣਾਂ ਤੋਂ ਕਿਨਾਰਾ ਕਰਦਿਆਂ ਮੌਜੂਦਾ ਕਮੇਟੀ ਨੂੰ ਗੈਰ-ਕਾਨੂੰਨੀ ਦੱਸਿਆ ਹੈ ਅਤੇ ਚੋਣ ਚ ਨਾ ਸ਼ਾਮਲ ਹੋਣ ਦੀ ਗੱਲ ਕਹੀ ਹੈ।

ਇਸ ਤੋਂ ਪਹਿਲਾਂ ਕੱਲ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਵੀ ਕੀਤੀ ਸੀ।

ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਵੱਡਾ ਦਾਅਵਾ ਕੀਤਾ ਕਿ ਮੀਟਿੰਗ ਵਿੱਚ 100 ਤੋਂ ਮੈਂਬਰਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਪੱਕੀ ਹੈ। ਉਨ੍ਹਾਂ ਬੀਬੀ ਜਾਗੀਰ ਕੌਰ ਨੂੰ ਅਪੀਲ ਵੀ ਕੀਤੀ ਉਹ ਆਪਣੀ ਦਾਅਵੇਦਾਰੀ ਛੱਡ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਮਰਥਨ ਕਰਨ।

ਸੁਖਬੀਰ ਬਾਦਲ ਨੇ ਕਿਹਾ ਕਿ ਬੀਬੀ ਜਗੀਰ ਕੌਰ ਕੇਂਦਰ ਸਰਕਾਰ ਨਾਲ ਮਿਲ ਕੇ ਸਿੱਖਾਂ ਦੀ ਪਿੱਠ ‘ਚ ਛੁਰਾ ਨਾ ਮਾਰਨ। ਉਨ੍ਹਾਂ ਆਪ ਤੇ ਕੇਂਦਰ ਸਰਕਾਰ ਬੀਬੀ ਜਗੀਰ ਕੌਰ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਹ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦਾ ਕੰਮ ਕਰ ਰਹੀਆਂ ਹਨ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਢੀਂਡਸਾ ਨੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਆਉਂਦਿਆਂ ਕਿਹਾ ਕਿ ਉਨ੍ਹਾਂ ਦਾ ਟੀਚਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਹੈ। ਸਾਨੂੰ ਸਭ ਨੂੰ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਕਿਹਾ ਸੁਖਬੀਰ ਸਿੰਘ ਬਾਦਲ ਤਾਨਾਸ਼ਾਹ ਹੈ, ਜਦਕਿ ਪ੍ਰਕਾਸ਼ ਸਿੰਘ ਬਾਦਲ ਤਾਨਾਸ਼ਾਹ ਨਹੀਂ ਸੀ।

ਮੌਜੂਦਾ ਸਮੇਂ ਵਿਚ ਅਕਾਲੀ ਦਲ ਵਿਚ ਬਗਾਵਤ ਦੀਆਂ ਉੱਠ ਰਹੀਆਂ ਆਵਾਜ਼ਾਂ ਅਤੇ ਬੀਬੀ ਜਗੀਰ ਕੌਰ ਨੂੰ ਬਾਹਰੀ ਹਮਾਇਤ ਕਾਰਨ ਲੜਾਈ ਕਾਫੀ ਦਿਲਚਸਪ ਬਣੀ ਹੋਈ ਹੈ।

ਦੱਸ ਦਈਏ ਕਿ ਇਸ ਵਾਰ ਸਾਬਕਾ ਅਕਾਲੀ ਆਗੂ ਬੀਬੀ ਜਗੀਰ ਕੌਰ ਐਡਵੋਕੇਟ ਧਾਮੀ ਨੂੰ ਟੱਕਰ ਦੇ ਰਹੇ ਹਨ। ਪ੍ਰਧਾਨਗੀ ਦੀ ਇਸ ਲੜਾਈ ਵਿਚ ਕਿਸ ਦੀ ਜਿੱਤ ਹੋਵੇਗੀ। ਇਹ ਅੱਜ ਸ਼ਾਮ ਨੂੰ ਸਾਫ਼ ਹੋ ਜਾਵੇਗਾ।