ਚੰਡੀਗੜ : ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਲੈ ਲਿਆ ਹੈ। ਬੀਬੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ,ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਗਈ ਹੈ। ਇਥੋਂ ਤੱਕ ਕਿ ਅਕਾਲੀ ਦਲ ਵਰਕਰਾਂ ਨੂੰ ਵੀ ਨਿਰਦੇਸ਼ ਦਿਤੇ ਗਏ ਹਨ ਕਿ ਬੀਬੀ ਜਗੀਰ ਕੌਰ ਨਾਲ ਕੋਈ ਵੀ ਸੰਪਰਕ ਨਾ ਰਖਿਆ ਜਾਵੇ।
ਪਾਰਟੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਚੰਡੀਗੜ ਵਿੱਖੇ ਪਾਰਟੀ ਦੇ ਦਫਤਰ ਤੋਂ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਇਸ ਫੈਸਲੇ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕੀ ਬੀਬੀ ਜਗੀਰ ਕੌਰ ਨੂੰ ਅੱਜ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ,ਪਾਰਟੀ ਦਫਤਰ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਪਰ ਉਹ ਨੀਯਤ ਸਮੇਂ ਤੇ ਨਹੀਂ ਪਹੁੰਚੇ। ਉਹਨਾਂ ਨਾਲ ਸੰਪਰਕ ਵੀ ਕੀਤਾ ਗਿਆ ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਬਾਰ ਬਾਰ ਫੋਨ ਕਰਨ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਪੀਏ ਨੇ ਫੋਨ ਤੇ ਹੀ ਆਉਣ ਤੋਂ ਜਵਾਬ ਦੇ ਦਿੱਤਾ,ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਪਾਰਟੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ 1995 ਵਿੱਚ ਬੀਬੀ ਜਗੀਰ ਕੌਰ ਦੇ ਪਾਰਟੀ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਪੂਰਾ ਮਾਨ-ਸਨਮਾਨ ਮਿਲਿਆ ਪਰ ਉਹਨਾਂ ਦੇ ਤੇਵਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਏ ਜਾਣ ਤੇਂ ਬਾਅਦ ਹੀ ਬਦਲਨੇ ਸ਼ੁਰੂ ਹੋ ਗਏ ਸੀ ਪਰ ਪਾਰਟੀ ਨੇ ਇਸ ਨੂੰ ਅੱਖੋਂ ਪਰੋਖੇ ਕਰ ਦਿੱਤਾ।
ਮਲੂਕਾ ਨੇ ਇਹ ਵੀ ਕਿਹਾ ਕਿ ਪਿਛਲੇ ਤਿੰਨ ਮਹਿਨੀਆਂ ਤੋਂ ਬੀਬੀ ਜਗੀਰ ਕੌਰ ਕਈ ਮੈਂਬਰਾਂ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕਰ ਰਹੇ ਸੀ ਤੇ ਚੋਣਾਂ ਲੱੜਨ ਦਾ ਮਨ ਬਣਾ ਚੁੱਕੇ ਸੀ ਪਰ ਇਸ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਏ ਜਾਣ ਦੀ ਗੱਲ ਚੱਲ ਰਹੀ ਸੀ। ਬੀਬੀ ਜਗੀਰ ਕੌਰ ਖੁੱਦ ਚੋਣ ਲੜਨਾ ਚਾਹੁੰਦੇ ਸੀ।
ਇਸ ਲਈ ਉਹਨਾ ਦੀਆਂ ਬਗਾਵਤੀ ਸੁਰਾਂ ਤੇਜ਼ ਹੋ ਗਈਆਂ।ਉਹਨਾਂ ਨੂੰ ਮਨਾਉਣ ਦੇ ਲਈ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੂੰ ਵੀ ਭੇਜਿਆ ਗਿਆ ਪਰ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ SGPC ਦੀਆਂ ਚੋਣਾਂ ਲੜਨਗੇ।
ਪਾਰਟੀ ਅੱਗੇ ਇਹ ਦੁਵਿਧਾ ਸੀ ਕਿ ਇਕ ਹੀ ਚੋਣ ਵਿੱਚ 2 ਉਮੀਦਵਾਰ ਨਹੀਂ ਖੜੇ ਕੀਤੇ ਜਾ ਸਕਦੇ ਸੀ। ਇਸ ਲਈ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ ਫਿਰ ਤੋਂ ਯਤਨ ਕੀਤਾ ਗਿਆ ਪਰ ਉਹ ਟੱਸ ਤੋਂ ਮੱਸ ਨਾ ਹੋਏ ।
ਇਸ ਤੋਂ ਬਾਅਦ ਪਾਰਟੀ ਦੀ ਅਨੁਸ਼ਾਸਨਕ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਦਫਤਰ ਵਿੱਚ ਆ ਕੇ ਗੱਲਬਾਤ ਕਰਨ ਲਈ ਕਿਹਾ ਪਰ ਉਹ ਪੇਸ਼ ਨਾ ਹੋਈ। ਬਾਰ ਬਾਰ ਬੀਬੀ ਨੂੰ ਸਮਾਂ ਦਿੱਤਾ ਗਿਆ ਪਰ ਬੀਬੀ ਵਲੋਂ ਕੋਈ ਹੁੰਗਾਰਾ ਨਹੀਂ ਮਿਲਿਆ ਸਗੋਂ ਬੀਬੀ ਜਗੀਰ ਕੌਰ ਨੇ ਪਾਰਟੀ ਦੀ ਅਨੁਸ਼ਾਸਨਕ ਕਮੇਟੀ ਤੇ ਪਾਰਟੀ ਤੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਕਿ ਹਾਉਸ ਭੰਗ ਹੈ,ਅਨੁਸ਼ਾਸਨਕ ਕਮੇਟੀ ਕਿਦਾਂ ਬਣ ਗਈ?
ਇਸ ਸਭ ਨੂੰ ਦੇਖਦਿਆਂ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਇੱਕ ਵਾਰ ਫਿਰ ਤੋਂ ਸਮਾਂ ਦੇ ਦਿੱਤਾ ਪਰ ਉਹ ਫਿਰ ਹਾਜ਼ਰ ਨਹੀਂ ਹੋਏ ,ਜਿਸਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਪਾਰਟੀ ਦਾ ਹੁਣ ਉਹਨਾਂ ਨਾਲ ਕੋਈ ਸਬੰਧ ਨਹੀਂ ਹੈ। ਬੀਬੀ ਦੀ ਮੁੱਢਲੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਗਈ ਹੈ ਤੇ ਨਾਲ ਹੀ ਅਕਾਲੀ ਵਰਕਰਾਂ ਨੂੰ ਵੀ ਨਿਰਦੇਸ਼ ਦਿਤੇ ਗਏ ਹਨ ਕਿ ਬੀਬੀ ਨਾਲ ਕੋਈ ਵੀ ਸੰਪਰਕ ਨਾ ਰੱਖਿਆ ਜਾਵੇ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਬੀਬੀ ਜਗੀਰ ਕੌਰ ਤੇ ਪਾਰਟੀ ਵਿਰੋਧੀ ਕਾਰਵਾਈਆਂ ਦਾ ਇਲਜ਼ਾਮ ਲਗਾਇਆ ਹੈ । ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੋਰ ਕਮੇਟੀ ਹੈ । ਇਸ ਵਿੱਚ ਰਾਜਸੀ ਤੌਰ ਤੇ ਬਾਹਰੀ ਪਾਰਟੀਆਂ ਦਾ ਦਖਲ ਠੀਕ ਨਹੀਂ ਪਰ ਹੁਣ ਇਹ ਸ਼ਰੇਆਮ ਹੋ ਰਿਹਾ ਹੈ । ਭਾਜਪਾ ਵਾਲੇ ਸ਼ਰੇਆਮ ਬੀਬੀ ਜਗੀਰ ਕੌਰ ਦੀ ਹਮਾਇਤ ਕਰ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸੀ ਆਗੂਆਂ ਨੂੰ ਬੀਬੀ ਜਗੀਰ ਕੌਰ ਨੂੰ ਨਾਲ ਦੇਖਿਆ ਜਾ ਸਕਦਾ ਹੈ।
ਵਲਟੋਹਾ ਨੇ ਇਸ ਸਬੰਧ ਵਿੱਚ ਸਬੂਤ ਵੀ ਪੱਤਰਕਾਰਾਂ ਸਾਹਮਣੇ ਰੱਖਿਆ ਹੈ । ਇੱਕ ਸਟਿੰਗ ਆਪਰੇਸ਼ਨ ਦੀ ਗੱਲ ਕਰਦਿਆਂ ਉਹਨਾਂ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਸਰ ਨਾਲ ਸਬੰਧ ਰੱਖਣ ਵਾਲੇ ਭਾਜਪਾ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਵੀ ਬੀਬੀ ਨਾਲ ਕਾਫੀ ਦਿਨ ਤੋਂ ਸੰਪਰਕ ਵਿੱਚ ਹਨ ਤੇ ਇਹਨਾਂ ਨੇ ਅਕਾਲੀ ਆਗੂ ਸੁਰਜੀਤ ਸਿੰਘ ਭਿਡੀਵਿੰਡ ਨਾਲ ਵੀ ਸੰਪਰਕ ਕੀਤਾ ਹੈ। ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਵੱਡੇ ਭਾਜਪਾ ਲੀਡਰਾਂ ਨਾਲ ਸੰਪਰਕ ਕਰਵਾਉਣ ਲਈ ਵਿਚੌਲੇ ਦਾ ਕੰਮ ਕਰ ਰਹੇ ਹਨ। ਇਸ ਸਬੰਧ ਵਿੱਚ ਉਹਨਾਂ ਨੇ ਇੱਕ ਆਡਿਓ ਵੀ ਪੱਤਰਕਾਰਾਂ ਸਾਹਮਣੇ ਰੱਖੀ ਹੈ ।
ਇਸ ਆਡਿਓ ਬਾਰੇ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਕਾਲ ਵਾਲਾ ਨੰਬਰ ਭਾਜਪਾ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਦਾ ਹੈ ਤੇ ਸੁਰਜੀਤ ਸਿੰਘ ਭਿਡੀਵਿੰਡ ਨੇ ਉਹਨਾਂ ਦੇ ਕਹੇ ਤੇ ਇਹ ਸਟਿੰਗ ਕੀਤਾ ਹੈ।
ਇਸ ਆਡਿਓ ਵਿੱਚ ਸਾਫ ਤੌਰ ਤੇ ਸੁਣਿਆ ਜਾ ਸਕਦਾ ਹੈ ਕਿ ਵਲਟੋਹਾ ਦੇ ਦਾਅਵੇ ਅਨੁਸਾਰ ਇਹਨਾਂ ਵਿਚੋਂ ਇਕ ਆਵਾਜ਼ ਭਾਜਪਾ ਆਗੂ ਅਕਾਲੀ ਆਗੂ ਸੁਰਜੀਤ ਸਿੰਘ ਭਿਡੀਵਿੰਡ ਦੀ ਹੈ ਤੇ ਦੂਸਰੀ ਆਵਾਜ਼
ਭਾਜਪਾ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਦੀ ਹੈ ਤੇ ਇਹਨਾਂ ਵਿਚੋਂ ਇੱਕ ਜਾਣਾ ਦੂਸਰੇ ਵਿਅਕਤੀ ਨੂੰ ਮਿਲਣ ਲਈ ਕਹਿ ਰਿਹਾ ਹੈ। ਇਸ ਤੋਂ ਇਲਾਵਾ ਪੈਸੇ ਦੀ ਵੀ ਗੱਲ ਹੋ ਰਹੀ ਹੈ।
ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸਖ਼ਤ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਇਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਬੀਬੀ ਜਗੀਰ ਕੌਰ ਨੂੰ ਕਿਹਨਾਂ ਦੀ ਹਲਾਸ਼ੇਰੀ ਮਿਲ ਰਹੀ ਹੈ। ਬੀਬੀ ਜਗੀਰ ਕੌਰ ਦਾਅਵੇ ਕਰ ਰਹੀ ਹੈ ਕਿ ਉਹ ਬਾਦਲਾਂ ਦੇ ਪਰਦੇ ਢੱਕ ਰਹੀ ਹੈ ਪਰ ਅਸਲ ਵਿੱਚ ਪਾਰਟੀ ਨੇ ਬੀਬੀ ਦੇ ਪਰਦੇ ਢਕੇ ਹਨ ਤੇ ਇਸ ਲਈ ਪਾਰਟੀ ਨੂੰ ਵੀ ਕਾਫੀ ਕੁੱਝ ਬਰਦਾਸ਼ਤ ਕਰਨਾ ਪਿਆ ਹੈ।
ਇੱਕ ਸਵਾਲ ਦੇ ਜੁਆਬ ਵਿੱਚ ਮਲੂਕਾ ਨੇ ਕਿਹਾ ਹੈ ਕਿ ਹੁਣ ਇੱਕ ਪਾਸੇ ਬੀਬੀ ਕਹਿ ਰਹੀ ਹੈ ਕਿ ਚੰਗਾ ਹੋਇਆ ਮੇਰਾ ਖਹਿੜਾ ਛੁੱਟਿਆ ਪਰ ਦੂਜੇ ਪਾਸੇ ਉਹਨਾਂ ਦਾ ਕਹਿਣਾ ਸੀ ਕਿ ਪਾਰਟੀ ਤੋਂ ਉਹ ਅਲੱਗ ਨਹੀਂ ਹੋ ਸਕਦੀ। ਇਹ ਆਪਾ ਵਿਰੋਧੀ ਬਿਆਨ ਹਨ।
ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਮੰਗ ਕੀਤੀ ਹੈ ਕਿ ਭਾਜਪਾ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਤੇ ਇਕਬੀਲ ਸਿੰਘ ਲਾਲਪੁਰਾ ਦੀ ਫੋਨ ਡਿਟੇਲ ਸਾਹਮਣੇ ਆਉਣੀ ਚਾਹਿਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹਨਾਂ ਨੇ ਕਿਸ ਕਿਸ ਨੂੰ ਸੰਪਰਕ ਕੀਤਾ ਸੀ।
ਬੀਬੀ ਜਗੀਰ ਕੌਰ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੂੰ ਹਟਾਉਣ ਦੀ ਗੱਲ ਵੀ ਸਿਕੰਦਰ ਸਿੰਘ ਮਲੂਕਾ ਤੇ ਵਿਰਸਾ ਸਿੰਘ ਵਲਟੋਹਾ ਨੇ ਕੀਤੀ।