ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( Arwind Kejriwal ) ਨੇ ਉੱਤਰ ਭਾਰਤ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕੇਂਦਰ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਇਹ ਦੋਸ਼ ਲਾਉਣ ਅਤੇ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ। ਕੇਜਰੀਵਾਲ ਨਾਲ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Mann ) ਨੇ ਕਿਹਾ ਕਿ ਪੰਜਾਬ ਦੇ ਖੇਤਾਂ ਵਿੱਚ ਪਰਾਲੀ ਨੂੰ ਦਬਾਉਣ ਲਈ 1.20 ਲੱਖ ਮਸ਼ੀਨਾਂ ਤਾਇਨਾਤ ਕੀਤੀਆਂ ਹਨ ਤੇ ਪੰਚਾਇਤਾਂ ਨੇ ਪਰਾਲੀ ਨਾ ਸਾੜਨ ਸਬੰਧੀ ਮਤਾ ਪਾਸ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਭਾਰੀ ਪੈਦਾਵਾਰ ਕਾਰਨ ਪਰਾਲੀ ਦੀ ਮਾਤਰਾ ਹੋਰ ਵੱਧ ਗਈ। ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਅਗਲੇ ਸਾਲ ਨਵੰਬਰ ਤੱਕ ਹੱਲ ਕੱਢ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਪ੍ਰਾਇਮਰੀ ਸਕੂਲ ਸ਼ਨੀਵਾਰ ਤੋਂ ਬੰਦ ਰਹਿਣਗੇ, ਔਡ-ਈਵਨ ਸਕੀਮ ਨੂੰ ਲਾਗੂ ਕਰਨ ‘ਤੇ ਚਰਚਾ ਚੱਲ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਪਰਾਲੀ ਫੂਕੀ ਜਾ ਰਹੀ ਹੈ, ਇਸ ਲਈ ਕਿਸਾਨ ਜਿੰਮੇਵਾਰ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਪਰਾਲੀ ਫੂਕਣ ਤੋਂ ਰੋਕਣ ਲਈ ਹੱਲ ਕੱਢਣ ਦੀ ਜ਼ਰੂਰਤ ਹੈ। ਉਮੀਦ ਹੈ ਕਿ ਅਗਲੇ ਸਾਲ ਤੱਕ ਪਰਾਲੀ ਫੂਕਣ ਦਾ ਹੱਲ ਨਿਕਲ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪਰਾਲੀ ਫੂਕਣ ਨਾਲ ਪ੍ਰਦੂਸ਼ਣ ਦੀ ਸਮੱਸਿਆ ਉਤਰ ਭਾਰਤ ਵਿਚ ਬਣੀ ਹੋਈ ਹੈ। ਇਸ ਲਈ ਦਿੱਲੀ ਅਤੇ ਪੰਜਾਬ ਜਿੰਮੇਵਾਰ ਨਹੀਂ ਹੈ।
ਸੁਪਰੀਮ ਕੋਰਟ ਕਰੇਗੀ ਸੁਣਵਾਈ
ਸੁਪਰੀਮ ਕੋਰਟ ਨੇ ਵੀ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪਰਾਲੀ ਸਾੜਨ ਬਾਰੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ (ਪੀਆਈਐੱਲ) ’ਤੇ 10 ਨਵੰਬਰ ਨੂੰ ਸੁਣਵਾਈ ਲਈ ਸਹਿਮਤੀ ਪ੍ਰਗਟਾਈ ਹੈ। ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਦੀ ਬੈਂਚ ਨੇ ਵਕੀਲ ਸ਼ਸ਼ਾਂਕ ਸ਼ੇਖਰ ਝਾਅ ਦੇ ਬਿਆਨ ਦਾ ਨੋਟਿਸ ਲਿਆ।
NHRC ਨੇ ਮੁੱਖ ਸਕੱਤਰ ਕੀਤੇ ਤਲਬ
ਤੇ ਉੱਧਰ NHRC ਨੇ ਪ੍ਰਦੂਸ਼ਣ ਨੂੰ ਲੈ ਕੇ 10 ਨਵੰਬਰ ਨੂੰ ਪੰਜਾਬ, ਹਰਿਆਣਾ ਅਤੇ ਯੂਪੀ ਦੇ ਮੁੱਖ ਸਕੱਤਰ ਨੂੰ ਦਿੱਲੀ ਤਲਬ ਕੀਤਾ ਹੈ। ਪ੍ਰਦੂਸ਼ਣ ਨੂੰ ਲੈ ਕੇ ਸਰਕਾਰਾਂ ਵੱਲੋਂ ਚੁੱਕੇ ਕਦਮਾਂ ਤੋਂ NHRC ਅਸੰਤੁਸ਼ਟ ਹੈ।
ਦਿੱਲੀ ਦੇ LG ਦੀ ਮਾਨ ਨੂੰ ਚਿੱਠੀ
ਦੂਜੇ ਪਾਸੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਪਰਾਲੀ ਸਾੜੇ ਜਾਣ ਨੂੰ ਲੈ ਕੇ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਮੁੱਖ ਮੰਤਰੀ ਮਾਨ ਸਾੜੀ ਜਾ ਰਹੀ ਪਰਾਲੀ ਨੂੰ ਨਿਯੰਤਰਿਤ ਕਰਨ ਦੇ ਲਈ ਤਤਕਾਲ ਅਤੇ ਕੋਈ ਠੋਸ ਕਦਮ ਉਠਾਏ ਜਾਣੇ ਚਾਹੀਦੇ ਹਨ। ਇਸਨੇ ਦਿੱਲੀ ਨੂੰ ਇੱਕ ਵਾਰ ਫਿਰ ਤੋਂ ਗੈਸ ਚੈਂਬਰ ਵਿੱਚ ਬਦਲ ਦਿੱਤਾ ਹੈ।
ਦਿੱਲੀ ਦੇ LG ਦੇ ਪੱਤਰ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮਾਂ ਨੂੰ ਰੋਕ ਰਹੇ ਹੋ। ਰੈੱਡ ਲਾਈਟ ਆਨ, ਗੱਡੀ ਆਫ਼ ਕੈਂਪੇਨ ਨੂੰ ਰੋਕ ਦਿੱਤਾ ਅਤੇ ਮੈਨੂੰ ਚਿੱਠੀ ਲਿਖ ਕੇ ਰਾਜਨੀਤੀ ਕਰ ਰਹੇ ਹੋ ? ਇੰਨੇ ਗੰਭੀਰ ਮਸਲੇ ਉੱਤੇ ਰਾਜਨੀਤੀ ਠੀਕ ਨਹੀਂ ਹੈ।