Human Rights India International Khaas Lekh Punjab

“ਪੂਰੇ ਤਿੰਨ ਦਿਨ Delhi ਦੀਆਂ ਗਲੀਆਂ ‘ਚ ਮੌਤ ਨੱਚਦੀ ਰਹੀ,ਜ਼ਾਬਤਾ ਪੂਰਾ ਕਰਨ ਲਈ ਆਰਮੀ ਆਈ, ਉਦੋਂ ਤੱਕ ਸਭ ਖਤਮ ਹੋ ਚੁੱਕਾ ਸੀ”

ਦਿੱਲੀ : (ਗੁਲਜਿੰਦਰ ਕੌਰ)  ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਉਹ 72 ਘੰਟੇ,ਸ਼ਾਇਦ ਕਿਸੇ ਦੇ ਜ਼ਹਿਨ ਵਿੱਚ ਵੀ ਨੀ ਹੋਣਾ ਕਿ 1 ਨਵੰਬਰ 84 ਦੀ ਸਵੇਰ ਨੂੰ ,ਉਹਨਾਂ ਲਈ ਅਜਿਹਾ ਸੂਰਜ ਚੜੇਗਾ,ਜਿਹੜਾ ਪਤਾ ਨਹੀਂ ਕਿੰਨੇ ਪਰਿਵਾਰਾਂ ਦੀ ਜਿੰਦਗੀ ਵਿੱਚ ਹਮੇਸ਼ਾ ਲਈ ਹਨੇਰਾ ਕਰ ਦੇਵੇਗਾ।

ਕਿ ਪਤਾ ਸੀ ਕਿਸੇ ਨੂੰ ਕੀ ਇੱਕ ਖਾਸ ਧਰਮ ਦੇ ਲੋਕਾਂ ਲਈ,ਦੇਸ਼ ਦੀ ਪ੍ਰਧਾਨ ਮੰਤਰੀ ਦੀ ਮੌਤ  ਤਬਾਹੀ ਦਾ ਸੁਨੇਹਾ ਲੈ ਕੇ ਆਵੇਗੀ,ਇੱਕ ਅਜਿਹਾ ਹਨੇਰੀ ਵਗੇਗੀ ਕੀ ਸਾਰਾ ਕੁੱਝ ਹੀ ਉਡਾ ਕੇ ਲੈ ਜਾਵੇਗੀ,ਨਾ ਘਰ ਬਚਣਗੇ ਤੇ ਨਾ ਹੀ ਉਹਨਾਂ ਵਿੱਚ ਵੱਸਣ ਵਾਲੇ।

ਇਹਨਾਂ ਤਿੰਨ ਦਿਨਾਂ ਵਿੱਚ ਜੇਕਰ ਕੁੱਝ ਸੀ ਤਾਂ ਸਿਰਫ਼ ਅੰਨੀ ਹੋਈ ਇੱਕ ਜਨੂੰਨੀ ਭੀੜ,ਜਿਸ ਨੂੰ ਜਿੰਮੇਂਵਾਰੀ ਦਿੱਤੀ ਗਈ ਸੀ ਲੁੱਟਣ ਦੀ,ਮਾਰਨ ਦੀ ,ਧੀਆਂ ਭੈਣਾਂ ਦੀਆਂ ਇਜ਼ਤਾਂ ਦਾ ਘਾਣ ਕਰਨ ਦੀ।ਇਸ ਭੀੜ ਦਾ ਸਰਪ੍ਰਸਤ ਵੀ ਕੋਈ ਹੋਰ ਨਹੀਂ ਸੀ ,ਸਗੋਂ ਉਸ ਵੇਲੇ ਦੀ ਹਕੂਮਤ ਸੀ।

ਦੇਸ਼ ਦੀ ਪ੍ਰਧਾਨ ਮੰਤਰੀ ਦੀ ਹੱਤਿਆ ਹੋਈ ਸੀ,ਕਤਲੇਆਮ ਨੂੰ ਦੰਗਿਆਂ ਦਾ ਨਾਮ ਦਿੱਤਾ ਗਿਆ। ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਵੀ ਤਾਂ ਮਾਰਿਆ ਗਿਆ ਸੀ ਪਰ ਕਿਸੇ ਵੀ ਕਤਲੇਆਮ ਦੀ ਖ਼ਬਰ ਸਾਹਮਣੇ ਨਹੀਂ ਆਈ,ਕਿਸੇ ਜਨੂੰਨੀ ਭੀੜ ਨੇ ਕਿਸੇ ਨੂੰ ਘੇਰ ਕੇ ਨਹੀਂ ਮਾਰਿਆ,ਨਾ ਕੋਈ ਅੱਗ ਲਗਾਈ ਗਈ।

ਇੱਕ ਨਵੰਬਰ,ਦਿੱਲੀ ਦੀਆਂ ਸੜ੍ਹਕਾਂ ‘ਤੇ ਖੂਨੀ ਖੇਡ, ਹਕੂਮਤ ਵਲੋਂ ਥਾਪੜਾ ਦੇ ਸੜ੍ਹਕਾਂ ਤੇ ਉਤਾਰੀ ਗਈ ਭੀੜ, ਸਾਰਿਆਂ ਦੇ ਹੱਥਾਂ ਵਿੱਚ ਲਾਠੀਆਂ-ਤਲਵਾਰਾਂ ਅਤੇ ਮਸ਼ਾਲਾਂ।ਹਰ ਗਲੀ ਮੁਹਲੇ ਵਿੱਚ ਵੜਦੇ,ਪਹਿਲਾਂ ਗੁਰੂਘਰਾਂ ਨੂੰ ਸ਼ਿਕਾਰ ਬਣਾਇਆ ਜਾਂਦਾ,ਫਿਰ ਉਪਲਬੱਧ ਕਰਵਾਈਆਂ ਗਈਆਂ ਸੂਚੀਆਂ ਵਿੱਚੋਂ ਸਿੱਖਾਂ ਦੇ ਘਰਾਂ ਦੀ ਪਛਾਣ ਕਰਦੇ,ਘਰ ਦੇ ਮਰਦ ਮੈਂਬਰਾਂ ਨੂੰ ਪਹਿਲਾਂ ਲਾਠੀਆਂ ਨਾਲ ਕੁੱਟਿਆ ਜਾਂਦਾ, ਫਿਰ ਜਲਦਾ ਹੋਇਆ ਟਾਇਰ ਗਲੇ ਵਿੱਚ ਪਾ ਕੇ ਜਿਉਂਦਿਆਂ ਨੂੰ ਸਾੜ ਦਿੰਦੇ।

ਇਸ ਸਾਰੇ ਵਰਤਾਰੇ ਨੂੰ ਬਿਆਨ ਕਰਨ ਲਈ ਪਿੱਛੇ ਬਚ ਗਈਆਂ ਜਿੰਦਾ ‘ਚੋਂ ਇੱਕ ਬੀਬੀ ਪੱਪੀ ਕੌਰ,ਉਮਰ ਤਕਰੀਬਨ 55 ਸਾਲ,ਇੱਕ ਦਮਦਾਰ ਆਵਾਜ਼ ਤੇ ਬੋਲਚਾਲ ਵਿੱਚ ਰੋਹਬ ਪਰ 84 ਦਾ ਜ਼ਿਕਰ ਹੁੰਦਿਆਂ ਹੀ ਆਵਾਜ਼ ਕੰਬਣ ਲੱਗ ਜਾਂਦੀ ਹੈ ਤੇ ਅੱਖਾਂ ਨਮ ਹੋ ਜਾਂਦੀਆਂ ਹਨ।,ਦੁੱਪਟੇ ਨਾਲ ਹੰਝੂ ਪੂੰਝਦੇ ਹੋਏ ਦੱਸਦੇ ਹਨ ਕਿ ਇਹੀ ਮੌਸਮ ਸੀ,ਅਕਤੂਬਰ ਦਾ ਆਖ਼ਿਰਕਾਰ, ਜਦੋਂ ਪੂਰੇ ਪਰਿਵਾਰ ਨਾਲ ਬੈਠ ਕੇ ਆਖਰੀ ਵਾਰ ਰੋਟੀ ਖਾਧੀ ਸੀ।

ਫਿਰ ਅਚਾਨਕ ਸਭ ਬਦਲ ਗਿਆ। ਮੈਂ ਆਪਣੇ ਪਿਤਾ ਜੀ ਨੂੰ,ਜਿਹਨਾਂ ਦਾ ਕੱਦ 6 ਫੁੱਟ ਤੋਂ ਵੀ ਉਪਰ ਸੀ ਤੇ ਰੋਹਬਦਾਰ ਸ਼ਖਸੀਅਤ  ਸਨ, ਨੂੰ ਜ਼ਾਲਮਾਂ ਅੱਗੇ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਦਿਆਂ ਦੇਖਿਆ। ਜਿਹਨਾਂ ਦੀ ਇੱਕ ਘੂਰੀ ਤੋਂ ਵੀ ਅਸੀਂ ਡਰ ਜਾਇਦਾ ਸੀ,ਨੂੰ ਅੱਖਾਂ ਸਾਹਮਣੇ ਗਲੇ ਵਿਚ ਜਲਦੇ ਟਾਇਰ ਪਾ ਕੇ ਸਾੜ ਦਿੱਤਾ ਗਿਆ।

ਬੀਬੀ ਪੱਪੀ ਕੌਰ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਇਲਾਕੇ ਦੀ ਬਿਜਲੀ ਕੱਟ ਦਿੱਤੀ ਗਈ । ਫਿਰ ਘਰਾਂ ਦੇ ਦਰਵਾਜ਼ੇ ਤੋੜੇ ਗਏ।

ਮੈਨੂੰ ਯਾਦ ਹੈ ਕਿ ਲੱਕੜ ਦੇ ਦਰਵਾਜ਼ੇ ਨੂੰ ਬੰਦ ਕਰ ਕੇ ਅਸੀਂ ਸਾਰਿਆਂ ਨੇ ਘਰ ਦਾ ਭਾਰੀ ਸਾਮਾਨ ਅੱਗੇ ਟਿਕਾ ਦਿੱਤਾ ਸੀ,ਤਾਂ ਜੋ ਦਰਵਾਜ਼ਾ ਨਾ ਖੁੱਲ ਸਕੇ । ਘਰ ਦੀਆਂ ਔਰਤਾਂ ਨੂੰ ਦੂਜੇ ਰਸਤੇ ਤੋਂ ਨੇਕ-ਦਿਲ ਗੁਆਂਢੀਆਂ ਕੋਲ ਭੇਜਿਆ ਜਾ ਰਿਹਾ ਸੀ। ਮੈਂ ਵੀ ਇੱਕ ਘਰ ਵਿੱਚ ਲੁਕ ਕੇ ਇਹ ਸਭ ਕੁਝ ਦੇਖਿਆ।

ਮੇਰੇ ਪਿਤਾ ਨੂੰ ਸਾੜਨ ਤੋਂ ਬਾਅਦ ਮੇਰੇ 18 ਸਾਲ ਭਰਾ ਨੂੰ ਵੀ ਸਾੜ ਦਿੱਤਾ ਗਿਆ। ਸੜੀਆਂ ਹੋਈਆਂ ਲਾਸ਼ਾਂ ਜ਼ਮੀਨ ‘ਤੇ ਖਿੱਲਰੀਆਂ ਪਈਆਂ ਸਨ।
ਹਰ ਪਾਸੇ ਤੋਂ ਕੁੱਟਮਾਰ ਦੀਆਂ ਆਵਾਜ਼ਾਂ ਆ ਰਹੀਆਂ ਸਨ। ਫਿਰ ਉਹਨਾਂ ਔਰਤਾਂ ਨੂੰ ਵੀ ਫੜ ਲਿਆ ਤੇ ਹੁਣ ਸਾਰੀਆਂ ਨੂੰ ਬਾਹਰ ਲਾਈਨ ਲਗਾ ਕੇ ਬਿਠਾ ਦਿੱਤਾ। ਕਾਤਲ ਮਸ਼ਾਲਾਂ ਲੈ ਕੇ ਘੁੰਮਣ ਲੱਗੇ। ਉਹ ਹਰ ਇੱਕ ਦੇ ਚਿਹਰੇ ਨੂੰ ਪਰਖਦੇ, ਉੱਪਰ ਤੋਂ ਹੇਠਾਂ ਤੱਕ ਹਰ ਇੱਕ ਦੇ ਸਰੀਰ ਨੂੰ ਤਾੜਦੇ ਤੇ ਜਿਹੜੀ ਵੀ ਪਸੰਦ ਆਉਂਦੀ,ਉਸ ਨੂੰ ਚੁੱਕ ਕੇ ਲੈ ਜਾਂਦੇ।

ਇਹਨਾਂ ਵਿੱਚੋਂ ਕਿੰਨੀਆਂ ਤਾਂ ਵਾਪਸ ਹੀ ਨਹੀਂ ਆਈਆਂ । ਜੋ ਵਾਪਸ ਆਈਆਂ, ਉਹ ਪਹਿਲਾਂ ਵਾਂਗ ਨਹੀਂ ਹੋ ਸਕੀਆਂ।

ਪੂਰੇ ਤਿੰਨ ਦਿਨ ਤਕ ਗਲੀਆਂ ‘ਚ ਮੌਤ ਨੱਚਦੀ ਰਹੀ। ਆਖਰਕਾਰ ਜ਼ਾਬਤਾ ਪੂਰਾ ਕਰਨ ਲਈ ਆਰਮੀ ਨੂੰ ਭੇਜਿਆ ਗਿਆ, ਉਦੋਂ ਤੱਕ ਸਭ ਖਤਮ ਹੋ ਚੁੱਕਾ ਸੀ ।

ਕੁਝ ਵਜੂਦ ਸਨ, ਜੋ ਹੁਣ ਲਾਸ਼ਾਂ ਬਣ ਚੁੱਕੇ ਸੀ ਤੇ ਕੁੱਝ ਬਚੀਆਂ ਹੋਈਆਂ ਜਿੰਦਾ ਲਾਸ਼ਾਂ।

ਬੀਬੀ ਦੱਸਦੇ ਹਨ ਕਿ ਮਾਹੋਲ ਦੇ ਕੁੱਝ ਸ਼ਾਂਤ ਹੋਣ ਤੋਂ ਬਾਅਦ ਉਹਨਾਂ ਨੂੰ ਕੈਂਪ ਭੇਜ ਦਿੱਤਾ ਗਿਆ ਪਰ ਉੱਥੇ ਨਾ ਤਾਂ ਭੋਜਨ ਸੀ ਅਤੇ ਨਾ ਹੀ ਪਾਣੀ। ਅਸੀਂ ਆਪਣੇ ਸੜੇ ਹੋਏ ਘਰਾਂ ਨੂੰ ਵਾਪਸ ਚਲੇ ਗਏ। ਪੁਲੀਸ ਵੱਲੋਂ ਦਰਵਾਜ਼ੇ ਤਾਂ ਲਗਾ ਦਿੱਤੇ ਗਏ ਸਨ ਪਰ ਕੰਧਾਂ ’ਤੇ ਕਾਲਖ ਬਾਕੀ ਰਹਿ ਗਈ ਸੀ।

ਹੁਣ ਮਾਨਸਿਕ ਹਾਲਤ ਅਜਿਹੀ ਹੋ ਚੁੱਕੀ ਸੀ ਕਿ ਰਾਤ ਨੂੰ ਜਦੋਂ ਮੈਂ ਸੌਂਦੀ ਤਾਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ। ਕਈ ਵਾਰ ਤਾਂ ਰੋਣ ਦੀਆਂ ਅਵਾਜਾਂ ਨੇ ਨੀਂਦ ਨੂੰ ਜਗਾ ਦਿੱਤਾ। ਧਿਆਨ ਨਾਲ ਦੇਖਿਆ ਤਾਂ ਗੁਆਂਢ ਵਿੱਚ ਇੱਕ ਔਰਤ ਇੱਕ ਸੱੜ ਚੁੱਕੇ ਮਕਾਨ ਦੀ ਕਿਸੇ ਨੁੱਕਰ ਵਿਚ ਬੈਠੀ ਰੋ ਰਹੀ ਸੀ।

ਉਸ ਦਾ ਪਤੀ ਅਤੇ ਜਵਾਨ ਪੁੱਤਰ ਚਲੇ ਗਏ ਸਨ। ਉਹਨਾਂ ‘ਤੇ ਪਤਾ ਨਹੀਂ ਕਿਹੜਾ ਪਾਊਡਰ ਛਿੜਕ ਕੇ ਅੱਗ ਲਗਾ ਦਿੱਤੀ ਕਿ ਮਿੰਟਾਂ ਵਿੱਚ ਹੀ ਸਭ ਖਤਮ ਹੋ ਗਿਆ ਤੇ ਉਹ ਹੁਣ ਘਰ ਵਿੱਚ ਇਕਲੀ ਬਚੀ ਸੀ।

ਇੱਕ ਤੂਫਾਨ ਆਇਆ ਤੇ ਸਭ ਕੁੱਝ ਉਜਾੜ ਕੇ ਚਲਾ ਗਿਆ ।

ਪਿਛੇ ਰਹਿ ਗਈਆਂ  ਕੁੱਝ ਜਿਉਂਦੀਆਂ ਜਾਗਦੀਆਂ ਲਾਸ਼ਾਂ,ਜਿਹੜੀਆਂ ਸ਼ਾਇਦ  ਇਨਸਾਫ਼ ਦੀ ਅਧੂਰੀ ਇੱਛਾ ਨੂੰ ਨਾਲ ਲੈ ਕੇ ਹਾਲੇ ਤੱਕ ਭਟਕ ਰਹੀਆਂ ਹਨ ਤੇ ਹੁਣ ਸ਼ਾਇਦ ਇਸੇ ਤਰਾਂ ਹੀ ਅਗਲੇ ਜਹਾਨ ਨੂੰ ਰੁਖਸਤ ਹੋ ਜਾਣਗੀਆਂ,ਇਹ ਸ਼ਿਕਾਇਤ ਤੇ ਸਵਾਲ ਮਨ ਵਿੱਚ ਲੈ ਕਿ ਆਖਰ ਉਹਨਾਂ ਦਾ ਕਸੂਰ ਕੀ ਸੀ ??????