ਬਿਊਰੋ ਰਿਪੋਰਟ : SGPC ਦੇ ਪ੍ਰਧਾਨ ਦੀ ਚੋਣ ਨੂੰ ਲੈਕੇ ਸੁਖਬੀਰ ਬਾਦਲ ਨੂੰ ਇਸ ਵਾਰ ਆਪਣੀ ਹੀ ਪਾਰਟੀ ਦੇ ਅੰਦਰੋ ਸਭ ਤੋਂ ਮਜਬੂਤ ਆਗੂ ਤੋਂ ਚੁਣੌਤੀ ਮਿਲ ਰਹੀ ਹੈ। ਪ੍ਰਧਾਨ ਦੀ ਚੋਣ ਲਈ ਲਿਫਾਫਾ ਕਲਚਰ ਖ਼ਤਮ ਕਰਨ ਦੀ ਮੰਗ ਨਾਲ ਬਾਗ਼ੀ ਹੋਈ ਬੀਬੀ ਜਗੀਰ ਕੌਰ ਕਿਸੇ ਵੀ ਸੂਰਤ ਵਿੱਚ ਇੱਕ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ । ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਸਾਫ਼ ਕਰ ਦਿੱਤਾ ਹੈ ਕਿ SGPC ਦੇ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦਾ ਅਧਿਕਾਰ ਹੈ ਚੋਣ ਲੜਨ ਦਾ ਅਤੇ ਉਹ ਜ਼ਰੂਰ ਦਾਅਵੇਦਾਰੀ ਪੇਸ਼ ਕਰਨਗੇ। ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਫੇਲ੍ਹ ਸਾਬਿਤ ਹੋਇਆ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਖਿਲਾਫ਼ ਐਕਸ਼ਨ ਦੀ ਤਿਆਰੀ ਕਰ ਲਈ ਹੈ। ਉਧਰ ਸੁਖਬੀਰ ਬਾਦਲ ਵੱਲੋਂ ਨਵੇਂ SGPC ਦੇ ਪ੍ਰਧਾਨ ਨੂੰ ਲੈਕੇ ਪਾਰਟੀ ਪੱਧਰ ‘ਤੇ ਅੰਦਰ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹੁਣ ਤੱਕ ਰੇਸ ਵਿੱਚ ਇੱਕ ਹੀ ਨਾਂ ਸਾਹਮਣੇ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਤਕਰੀਬਨ-ਤਕਰੀਬਨ ਉਸੇ ਨਾਂ ‘ਤੇ ਹੀ ਮੋਹਰ ਲਗਾਉਣਗੇ।
ਨਵੇਂ SGPC ਪ੍ਰਧਾਨ ਦੀ ਰੇਸ
SGPC ਦੇ ਨਵੇਂ ਪ੍ਰਧਾਨ ਦਾ ਨਾਂ ਤੈਅ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮਾਝਾ ਜ਼ੋਨ ਦੇ SGPC ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੀ ਮੁੜ ਤੋਂ ਜ਼ਿੰਮੇਵਾਰੀ ਸੌਂਪਣ ‘ਤੇ ਸਹਿਮਤੀ ਬਣੀ ਹੈ। ਹਾਲਾਂਕਿ 9 ਨਵੰਬਰ ਨੂੰ SGPC ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੁਖਬੀਰ ਬਾਦਲ ਦੋਆਬਾ ਅਤੇ ਮਾਲਵੇ ਦੇ SGPC ਮੈਂਬਰਾਂ ਤੋਂ ਵੀ ਵਿਚਾਰ ਪੁੱਛਣਗੇ । ਪਰ ਧਾਮੀ ਦਾ ਮੁੜ ਤੋਂ ਪ੍ਰਧਾਨ ਬਣਨ ਪਿੱਛੇ ਕਈ ਗੱਲਾਂ ਅਹਿਮ ਮੰਨਿਆ ਜਾ ਰਹੀਆਂ ਹਨ। ਸਭ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ 1996 ਤੋਂ ਲਗਾਤਾਰ SGPC ਦੇ ਮੈਂਬਰ ਰਹੇ ਹਨ। 2019 ਵਿੱਚ ਉਹ SGPC ਦੇ ਜਨਰਲ ਸਕੱਤਰ ਵੀ ਰਹੇ ਅਤੇ 2021 ਵਿੱਚ ਪ੍ਰਧਾਨ ਬਣੇ। ਕਮੇਟੀ ਦੇ ਕੰਮ-ਕਾਜ ਚਲਾਉਣ ਦਾ ਉਨ੍ਹਾਂ ਨੂੰ ਚੰਗਾ ਤਜ਼ੁਰਬਾ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡੀ ਚੀਜ਼ ਵਕੀਲ ਹੋਣ ਦੇ ਨਾਤੇ ਉਹ ਕਾਨੂੰਨ ਦੀ ਚੰਗੀ ਸਮਝ ਰੱਖ ਦੇ ਹਨ ਅਤੇ ਉਨ੍ਹਾਂ ਦੇ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਜੁੜਿਆ ਹੋਇਆ ਹੈ।
ਉਧਰ ਬੀਬੀ ਜਗੀਰ ਕੌਰ SGPC ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਆਪਣਾ ਮਨ ਨਹੀਂ ਬਦਲ ਦੇ ਹਨ ਤਾਂ ਉਨ੍ਹਾਂ ਖਿਲਾਫ਼ ਐਕਸ਼ਨ ਦੀ ਮੰਗ ਉਠ ਸਕਦੀ ਹੈ। ਪਾਰਟੀ ਚੋਣਾਂ ਤੋਂ ਬਾਅਦ ਉਨ੍ਹਾਂ ਖਿਲਾਫ਼ ਅਨੁਸ਼ਾਸਨਿਕ ਕਾਰਵਾਈ ਕਰਦੇ ਹੋਏ ਨੋਟਿਸ ਭੇਜ ਸਕਦੀ ਹੈ। ਜੇਕਰ ਬੀਬੀ ਜਗੀਰ ਕੌਰ ਨੇ ਨੋਟਿਸ ਦਾ ਜਵਾਬ ਨਹੀਂ ਦਿੰਦੀ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਵੀ ਕੱਢਿਆ ਜਾ ਸਕਦਾ ਹੈ। ਪਰ ਸੁਖਬੀਰ ਬਾਦਲ ਲਈ ਐਕਸ਼ਨ ਲੈਣਾ ਆਸਾਨ ਨਹੀਂ ਹੋਵੇਗਾ ਕਿਉਂਕਿ 4 ਵਾਰ SGPC ਦੀ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਸਿਆਸੀ ਅਤੇ ਧਾਰਮਿਕ ਰਸੂਕ ਪੱਖੋਂ ਕਾਫ਼ੀ ਮਜ਼ਬੂਤ ਹੈ। ਸੁਖਬੀਰ ਬਾਦਲ ਚਾਉਂਦੇ ਤਾਂ ਬੀਬੀ ਜਗੀਰ ਕੌਣ ਨੂੰ ਆਪ ਮਨਾ ਸਕਦੇ ਸਨ ਪਰ ਉਹ ਆਪ ਉਨ੍ਹਾਂ ਤੋਂ ਲੰਮੇ ਵਕਤ ਤੋਂ ਨਰਾਜ਼ ਚੱਲ ਰਹੇ ਸਨ।
ਸੁਖਬੀਰ ਦੀ ਬੀਬੀ ਜਗੀਰ ਕੌਰ ਤੋਂ ਨਰਾਜ਼ਗੀ ਦੀ ਵਜ੍ਹਾ
2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਮੁੜ ਤੋਂ ਸੁਖਬੀਰ ਬਾਦਲ ਖਿਲਾਫ਼ ਆਵਾਜ਼ ਉੱਠੀ,ਜਗਮੀਤ ਬਰਾੜ,ਮਨਪ੍ਰੀਤ ਇਆਲੀ ਵਰਗੇ ਆਗੂਆਂ ਨੇ ਇਸ ਨੂੰ ਹਵਾ ਦਿੱਤਾ। ਪੰਜਾਬ ਵਿਧਾਨਸਭਾ ਦੇ ਸਾਬਕਾ ਸਪੀਕਰ ਰਹੇ ਨਿਰਮਲ ਸਿੰਘ ਕਾਹਲੋ ਦੇ ਦੇਹਾਂਤ ਤੋਂ ਬਾਅਦ ਕਾਹਲੋ ਦੇ ਪੁੱਤਰ ਨੂੰ ਮਿਲਣ ਪਹੁੰਚੇ ਜਗਮੀਤ ਬਰਾੜ,ਮਨਪ੍ਰੀਤ ਇਆਲੀ ਦੇ ਨਾਲ ਹੋਰ ਬਾਗ਼ੀ ਆਗੂਆਂ ਨੇ ਬੰਦ ਕਮਰੇ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਬੀਬੀ ਜਗੀਰ ਕੌਰ ਵੀ ਸ਼ਾਮਲ ਸਨ। ਸੁਖਬੀਰ ਬਾਦਲ ਦੇ ਸਾਹਮਣੇ ਜਦੋਂ ਬੀਬੀ ਜਗੀਰ ਕੌਰ ਦੀਆਂ ਇਹ ਤਸਵੀਰਾਂ ਆਇਆ ਤਾਂ ਉਹ ਕਾਫ਼ੀ ਨਰਾਜ਼ ਹੋ ਗਏ । ਸੂਤਰਾਂ ਮੁਤਾਬਿਕ ਬੀਬੀ ਜਗੀਰ ਕੌਰ ਨੇ ਉਸ ਵੇਲੇ ਸੁਖਬੀਰ ਬਾਦਲ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਸੀ ਪਰ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਵਾਰ ਵੀ ਬੀਬੀ ਜਗੀਰ ਕੌਰ SGPC ਦੀ ਚੋਣ ਲੜਨਾ ਚਾਉਂਦੀ ਸੀ ਪਰ ਉਨ੍ਹਾਂ ਦੀ ਮੰਗ ਸਿਰੇ ਨਹੀਂ ਚੜੀ ਤਾਂ ਪਹਿਲਾਂ ਉਨ੍ਹਾਂ ਨੇ 9 ਨਵੰਬਰ ਨੂੰ SGPC ਦੀ ਪ੍ਰਧਾਨਗੀ ਚੋਣ ਰੱਖਣ ‘ਤੇ ਸਵਾਲ ਚੁੱਕੇ ਜਦੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖਾਰਜ ਕਰ ਦਿੱਤਾ ਤਾਂ ਉਨ੍ਹਾਂ ਨੇ ਸੁਖਬੀਰ ਬਾਦਲ ਦੇ ਲਿਫਾਫਾ ਕਲਚਰ ਦੇ ਜਰੀਏ SGPC ਦਾ ਪ੍ਰਧਾਨ ਚੁਣੇ ਜਾਣ ‘ਤੇ ਸਵਾਲ ਚੁੱਕੇ ਅਤੇ ਆਜ਼ਾਦ ਉਮੀਦਵਾਰ ਵੱਜੋਂ SGPC ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ।