ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਗਰੂਰ ਜ਼ਿਲ੍ਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਮੂਹਰੇ ਲਾਏ ਗਏ ਧਰਨੇ ਨੂੰ ਅੱਜ ਸਮਾਪਤ ਕਰ ਦਿੱਤਾ ਹੈ। 9 ਅਕਤੂਬਰ ਤੋਂ ਲੱਗੇ ਇਸ ਧਰਨੇ ਨੂੰ 20 ਦਿਨ ਹੋ ਗਏ ਸਨ ਅਤੇ ਅੱਜ 21ਵੇਂ ਦਿਨ ਕਿਸਾਨਾਂ ਨੇ ਜੇਤੂ ਰੈਲੀ ਕੱਢ ਕੇ ਧਰਨੇ ਦੀ ਸਮਾਪਤੀ ਕੀਤੀ। ਧਰਨੇ ਦੇ ਆਖਰੀ ਦਿਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪੰਜਾਬ ਸਰਕਾਰ ਵੱਲੋਂ ਮੰਗਾਂ ਲਾਗੂ ਕਰਨ ਦਾ ਲਿਖ਼ਤੀ ਵਾਅਦਾ ਕਰਨ ਤੋਂ ਬਾਅਦ ਕਿਸਾਨਾਂ ਨੇ ਧਰਨਾ ਖ਼ਤਮ ਕੀਤਾ। “ਜੇਤੂ ਰੈਲੀ” ਦੌਰਾਨ ਵਿਸ਼ਾਲ ਇੱਕਠ ਵਿੱਚ ਸਰਕਾਰ ਦੇ ਨੁਮਾਇੰਦੇ ਐਸਡੀਐਮ ਨੇ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਅਤੇ ਮੋਰਚੇ ਵਿੱਚ ਸ਼ਹੀਦ ਕਿਸਾਨਾਂ ਲਈ ਮੁਆਵਜ਼ਾ ਦੇਣ ਲਈ ਸੂਬਾ ਕਮੇਟੀ ਨੂੰ ਚੈੱਕ ਦਿੱਤਾ ਗਿਆ।
ਕਿਸਾਨਾਂ ਨੇ ਵੱਖ-ਵੱਖ ਮੰਗਾਂ ਮੰਨਣ ਦੇ ਲਿਖਤੀ ਭਰੋਸੇ ਲਈ 9 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਸੀ। ਮੀਂਹ ਅਤੇ ਕੀੜਿਆਂ ਦੇ ਹਮਲੇ ਕਾਰਨ ਖਰਾਬ ਹੋਈ ਫਸਲ ਦਾ ਕਿਸਾਨਾਂ ਨੂੰ ਮੁਆਵਜ਼ਾ, ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 200 ਰੁਪਏ ਪ੍ਰਤੀ ਕੁਇੰਟਲ ਦੀ ਵਿੱਤੀ ਸਹਾਇਤਾ, ਡੇਅਰੀ ਕਿਸਾਨਾਂ ਜਿਨ੍ਹਾਂ ਦੇ ਪਸ਼ੂ ਲੂੰਬੀ ਵਾਇਰਸ ਨਾਲ ਮਰ ਗਏ ਹਨ, ਨੂੰ ਮੁਆਵਜ਼ਾ, ਮੱਕੀ, ਮੂੰਗੀ ਅਤੇ ਬਾਸਮਤੀ ਵਰਗੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ।
ਪੰਜਾਬ ‘ਚ ‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕੀਤਾ ਸੀ ਕਿ ਭਗਵੰਤ ਮਾਨ ਹਮੇਸ਼ਾ ਕਿਸਾਨਾਂ ਦੀਆਂ ਜਾਇਜ਼ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਰਹੇ ਹਨ। ਆਮਦਨ ਵਿੱਚ ਲਗਾਤਾਰ ਗਿਰਾਵਟ ਨੂੰ ਰੋਕਣ ਲਈ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਅਹਿਮ ਫੈਸਲੇ ਲਏ ਹਨ। ਉਨ੍ਹਾਂ ਨੇ ਕਿਸਾਨਾਂ ਦਾ ਧਰਨਾ ਖਤਮ ਕਰਨ ਲਈ ਧੰਨਵਾਦ ਕੀਤਾ ਸੀ।