ਬਿਊਰੋ ਰਿਪੋਰਟ : ਕਿੰਗ ਵੱਲੋਂ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਹੁਣ ਬ੍ਰਿਟੇਨ ਦੇ PM ਰਿਸ਼ੀ ਸੁਨਕ ( RISHI SUNAK ) ਨੇ ਆਪਣੀ ਕੈਬਨਿਟ ਦਾ ਵੀ ਐਲਾਨ ਕਰ ਦਿੱਤਾ ਹੈ । ਸੁਏਲਾ ਬ੍ਰੇਵਰਮੈਨ (suella-braverman) ਨੂੰ ਮੁੜ ਤੋਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟਰਸ ਸਰਕਾਰ ਵਿੱਚ ਵੀ ਉਹ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਸੰਭਾਰ ਰਹੀ ਸੀ । 6 ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ । ਭਾਰਤੀ ਮੂਲ ਦੀ ਹੋਣ ਦੇ ਬਾਵਜੂਦ ਸੁਏਲਾ ਭਾਰਤ ਖਿਲਾਫ਼ ਸਭ ਤੋਂ ਵੱਧ ਬੋਲਣ ਵਾਲੀ ਮੰਤਰੀ ਹੈ । ਸਾਬਕਾ ਪੀਐੱਮ ਟਰਸ ਵੀ ਉਨ੍ਹਾਂ ਦੀ ਇਸ ਗੱਲ ਤੋਂ ਕਾਫ਼ੀ ਨਰਾਜ਼ ਹੋ ਗਈ ਸੀ ਜਿਸ ਦੀ ਵਜ੍ਹਾ ਕਰਕੇ ਸੁਏਲਾ ਬ੍ਰੇਵਰਮੈਨ ਨੇ ਟਰਸ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ ।
ਸੁਏਲਾ ਦਾ ਭਾਰਤ ਖਿਲਾਫ ਵਿਵਾਦਿਤ ਬਿਆਨ
ਟਰਸ ਸਰਕਾਰ ਵਿੱਚ ਗ੍ਰਹਿ ਮੰਤਰੀ ਰਹਿੰਦੇ ਹੋਏ ਸਏਲਾ ਬ੍ਰੇਵਰਮੈਨ ਨੇ ਭਾਰਤ ਖਿਲਾਫ਼ ਬਿਆਨ ਦਿੰਦੇ ਹੋਏ ਕਿ ਜੇਕਰ ਭਾਰਤ ਦੇ ਨਾਲ ਫ੍ਰੀ ਟਰੇਡ ਸਮਝੌਤਾ ਹੁੰਦਾ ਹੈ ਤਾਂ ਇਸ ਨਾਲ ਬ੍ਰਿਟੇਨ ਵਿੱਚ ਪਰਵਾਸੀਆਂ ਦੀ ਗਿਣਤੀ ਵਧੇਗੀ । ਬ੍ਰਿਟੇਨ ਵਿੱਚ ਪਰਵਾਸੀ ਵੀਜ਼ਾ ਦੀ ਹੱਦ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਜਾਉਂਦੇ ਹਨ। ਟਰਸ ਦਾ ਇਹ ਬਿਆਨ ਸਿੱਧੇ-ਸਿੱਧੇ ਭਾਰਤੀਆਂ ਦੇ ਖਿਲਾਫ਼ ਸੀ । ਬ੍ਰੇਵਰਮੈਨ ਨੂੰ ਬ੍ਰਿਟੇਨ ਵਿੱਚ ਰੁੱਕਣ ਵਾਲੇ ਸ਼ਰਨਾਥੀਆਂ ਨੂੰ ਰਵਾਂਡਾ ਭੇਜਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਯੋਜਨਾ ਨੂੰ ਕਾਫੀ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ । ਬ੍ਰੇਵਰਮੈਨ ਬ੍ਰਿਟੇਨ ਨੂੰ ਯੂਰੋਪ ਤੋਂ ਵੱਖ ਕਰਨ ਦੀ ਹਿਮਾਇਤੀ ਰਹੀ ਹੈ ।
ਕੀ ਹੈ ਫ੍ਰੀ ਟਰੇਡ ਪਾਲਿਸੀ ?
ਭਾਰਤ ਅਤੇ ਬ੍ਰਿਟੇਨ ਦੇ ਵਿੱਚ ਵਪਾਰ 4 ਲੱਖ ਕਰੋੜ ਰੁਪਏ ਦਾ ਹੈ । ਫ੍ਰੀ ਟਰੇਡ ਐਗਰੀਮੈਂਟ ਦੇ ਬਾਅਦ ਟੈਕਸ ਵਿੱਚ ਵੱਡੀ ਰਾਹਤ ਮਿਲੇਗੀ । ਬ੍ਰਿਟੇਨ ਨੇ 2004 ਵਿੱਚ ਭਾਰਤ ਦੇ ਨਾਲ ਇੱਕ ਰਣਨੀਤੀ ਸਾਂਝੇਦਾਰੀ ਸ਼ੁਰੂ ਕੀਤੀ ਸੀ ।ਉਹ ਸੀ ਅੱਤਵਾਦ,ਪਰਮਾਣੂ ਗਤਿਵਿਦਿਆ ਅਤੇ ਅੰਤਰਿਕਸ਼ ਵਿੱਚ ਦੋਵੇ ਮੁਲਕ ਨਾਲ-ਨਾਲ ਹਨ। ਭਾਰਤ ਵਿੱਚ ਬ੍ਰਿਟੇਨ ਚੌਥਾ ਸਭ ਤੋਂ ਵੱਡਾ ਨਿਵੇਸ਼ ਕਰਨ ਵਾਲਾ ਦੇਸ਼ ਹੈ। ਬ੍ਰਿਟੇਨ ਦਾ ਭਾਰਤ ਵਿੱਚ ਨਿਵੇਸ਼ 6 ਫੀਸਦੀ ਹੈ। 2020 ਵਿੱਚ 2.26 ਲੱਖ ਕਰੋੜ ਦਾ ਨਿਵੇਸ਼ ਕੀਤਾ ਗਿਆ ਸੀ । ਉਧਰ ਭਾਰਤ ਬ੍ਰਿਟੇਨ ਵਿੱਚ ਤੀਜਾ ਸਭ ਤੋਂ ਵੱਡਾ ਨਿਵੇਸ਼ਕ ਹੈ । ਭਾਰਤ ਵੱਲੋਂ ਨਿਵੇਸ਼ ਕਰਨ ਨਾਲ 1.16 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਸੀ।
ਬ੍ਰਿਟੇਨ ਵਿੱਚ ਤਕਰੀਬਨ 15 ਲੱਖ ਭਾਰਤੀ ਮੂਲ ਦੇ ਲੋਕ ਹਨ ਜਿੰਨਾਂ ਦਾ ਦੇਸ਼ ਦੀ GDP ਵਿੱਚ 6 ਫੀਸਦੀ ਯੋਗਦਾਨ ਹੈ । ਬ੍ਰਿਟੇਨ ਵਿੱਚ ਤਕਰੀਬਨ 1 ਲੱਖ ਭਾਰਤੀ ਵਿਦਿਆਰਥੀ ਪੜ ਰਹੇ ਹਨ। ਭਾਰਤ ਅਤੇ ਬ੍ਰਿਟੇਨ ਵਿੱਚ ਪਿਛਲੇ 2 ਦਹਾਕਿਆਂ ਵਿੱਚ ਵਪਾਰ 3 ਗੁਣਾਂ ਜ਼ਿਆਦਾ ਵਧਿਆ ਹੈ ।
ਟਰਸ ਕੈਬਨਿਟ ਤੋਂ ਸੁਏਲਾ ਦੇ ਅਸਤੀਫੇ ਦੀ ਵਜ੍ਹਾ
ਸੁਏਲਾ ਬ੍ਰੇਵਰਮੈਨ ‘ਤੇ ਸਰਕਾਰੀ ਦਸਤਾਵੇਜ਼ ਪਰਸਨਲ ਈ-ਮੇਲ ਦੇ ਜ਼ਰੀਏ ਇੱਕ ਮੈਂਬਰ ਪਾਰਲੀਮੈਂਟ ਨੂੰ ਭੇਜਣ ਦਾ ਇਲਜ਼ਾਮ ਲੱਗਿਆ ਸੀ । ਬ੍ਰੇਵਰਮੈਨ ਨੇ ਇਸ ਦੀ ਜ਼ਿੰਮਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ । ਉਨ੍ਹਾਂ ਨੇ ਸਰਕਾਰ ਦੀ ਪਾਲਿਸੀ ਮੇਕਿੰਗ ਰਣਨੀਤੀ ‘ਤੇ ਵੀ ਪਿਛਲੇ ਦਿਨਾਂ ਦੌਰਾਨ ਸਵਾਲ ਚੁੱਕੇ ਸਨ।