ਹੈਦਰਾਬਾਦ: ਸਰਦੀਆਂ ਦੇ ਆਜ਼ਾਜ ਨਾਲ ਪਾਣੀ ਗਰਮ ਕਰਨ ਲਈ ਗੀਜਰ (water geysers) ਦੀ ਵਰਤੋਂ ਵੀ ਸ਼ੁਰੂ ਹੋ ਗਈ ਹੈ। ਇਸਦੇ ਨਾਲ ਗੀਜਰ ਨਾਲ ਹੋਣ ਵਾਲੇ ਹਾਦਸਿਆਂ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਤਾਜ਼ਾ ਮਾਮਲੇ ਵਿੱਚ ਗੀਜਰ ਕਾਰਨ ਇੱਕ ਨਵਵਿਹੁਅਤਾ ਜੋੜੇ ਨੇ ਆਪਣੀ ਜਾਨ ਗਵਾ ਦਿੱਤੀ ਹੈ। ਘਟਨਾ ਤੇਲੰਗਾਨਾ ਦੇ ਹੈਦਰਾਬਾਦ(Hyderabad) ਵਿੱਚ ਲੰਗਰ ਹੌਜ਼ ਦੇ ਖਾਦਰ ਬਾਗ਼ ਦੀ ਦੱਸੀ ਜਾ ਰਹੀ ਹੈ, ਜਿੱਥੇ ਸ਼ਾਰਟ ਸਰਕਟ ਕਾਰਨ ਗੀਜ਼ਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਦੋਵੇਂ ਪਤੀ-ਪਤਨੀ ਮ੍ਰਿਤਕ ਪਾਏ ਗਏ । ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਗੀਜ਼ਰ ਫਟਣ ਕਾਰਨ ਅਜਿਹੀ ਘਟਨਾ ਵਾਪਰੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਅਜਿਹੇ ਹਾਦਸੇ ਕਈ ਜਾਨਾਂ ਲੈ ਚੁੱਕੇ ਹਨ।
ਬਾਥਰੂਮ ‘ਚੋਂ ਮਿਲੀ ਲਾਸ਼, ਸ਼ਾਰਟ ਸਰਕਟ ਹੋਣ ਦਾ ਅੰਦਾਜ਼ਾ
ਪੁਲਿਸ ਮੁਤਾਬਿਕ ਇਲਾਕੇ ਦੇ ਇੱਕ ਨੇਤਾ ਨੇ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਬਾਥਰੂਮ ‘ਚ ਪਈਆਂ ਸਨ। ਡਾਕਟਰ ਨਿਸਾਰੂਦੀਨ (26) ਅਤੇ 22 ਸਾਲਾ ਐਮਬੀਬੀਐਸ ਦੀ ਵਿਦਿਆਰਥਣ ਉਮੀ ਮੋਹਿਮੀਨ ਸਾਇਮਾ ਦਾ ਵਿਆਹ ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ। ਪੁਲਿਸ ਮੁਤਾਬਿਕ ਗੀਜ਼ਰ ਫਟਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੇ ਨਾਈਟ ਡਿਊਟੀ ਅਫ਼ਸਰ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਗੀਜ਼ਰ ਖ਼ਤਰਨਾਕ ਕਿਉਂ ਹਨ?
ਇਨ੍ਹਾਂ ਘਟਨਾਵਾਂ ਤੋਂ ਸਬਕ ਲੈਂਦੇ ਹੋਏ ਸਾਡੇ ਲਈ ਗੀਜ਼ਰ ਤੋਂ ਹੋਣ ਵਾਲੇ ਖ਼ਤਰੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਆਖ਼ਰ ਸਾਡੀ ਜ਼ਿੰਦਗੀ ਵਿਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਇਸ ਤਰ੍ਹਾਂ ਘਾਤਕ ਕਿਉਂ ਸਾਬਤ ਹੁੰਦੀਆਂ ਹਨ। ਗੀਜ਼ਰ ਦਾ ਸਾਰਾ ਕੰਮ ਬਾਇਲਰ ‘ਤੇ ਨਿਰਭਰ ਕਰਦਾ ਹੈ। ਸਰਦੀਆਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਗੀਜ਼ਰ ਨੂੰ ਚਾਲੂ ਹੀ ਛੱਡ ਦਿੰਦੇ ਹਾਂ। ਇਸ ਕਾਰਨ ਗੀਜ਼ਰ ਦੇ ਲਗਾਤਾਰ ਗਰਮ ਹੋਣ ਕਾਰਨ ਇਸ ਵਿੱਚ ਲੀਕੇਜ ਦੀ ਸਮੱਸਿਆ ਹੋਰ ਵੱਧ ਜਾਂਦੀ ਹੈ। ਖ਼ਾਸ ਤੌਰ ‘ਤੇ ਇਹ ਉਨ੍ਹਾਂ ਮਾਮਲਿਆਂ ਵਿਚ ਜ਼ਿਆਦਾ ਦੇਖਿਆ ਜਾਂਦਾ ਹੈ, ਜਿੱਥੇ ਬਾਇਲਰ ਤਾਂਬੇ ਦਾ ਨਹੀਂ ਹੁੰਦਾ। ਇਸ ਕਾਰਨ ਬੁਆਇਲਰ ਫੱਟ ਜਾਂਦਾ ਹੈ ਅਤੇ ਕਰੰਟ ਲੱਗਣ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਦੂਜੇ ਪਾਸੇ ਜੇਕਰ ਗੈਸ ਗੀਜ਼ਰ ਤੋਂ ਹੋਣ ਵਾਲੇ ਖ਼ਤਰੇ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਸਮੱਸਿਆ ਮੰਨਿਆ ਜਾਂਦਾ ਹੈ। ਹਾਲਾਂਕਿ ਲੋਕ ਆਮ ਤੌਰ ‘ਤੇ ਗੈਸ ਗੀਜ਼ਰ ਨੂੰ ਇਲੈਕਟ੍ਰਿਕ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਮੰਨਦੇ ਹਨ ਪਰ ਇਸ ਨਾਲ ਕਿਤੇ ਨਾ ਕਿਤੇ ਜਾਨਲੇਵਾ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਜਿਸ ਦਾ ਕਾਰਨ ਗੈਸ ਗੀਜ਼ਰ ਦੀ ਵਰਤੋਂ ਦੌਰਾਨ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਨੂੰ ਮੰਨਿਆ ਜਾ ਰਿਹਾ ਹੈ। ਇਸ ਕਾਰਨ ਸਾਹ ਘੁੱਟਣ ਜਾਂ ਸਾਹ ਲੈਣ ਵਿੱਚ ਤਕਲੀਫ਼ ਵਰਗੇ ਕਾਰਨ ਸਾਹਮਣੇ ਆਉਂਦੇ ਹਨ।