Punjab

ਹਰਿਆਣਾ ਕਮੇਟੀ ਨੂੰ ਨਹੀਂ ਮਨਜ਼ੂਰ SGPC ਦੀ ਆਫ਼ਰ ! ਖੱਟਰ ਨੇ HSGPC ਨੂੰ ਬਣਾਇਆ ਹੋਰ ਤਾਕਤਵਰ

Hsgpc reject sgpc offer rejoin

ਅੰਮ੍ਰਿਤਸਰ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਅਦਾਲਤ ਤੋਂ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਠੇ ਹੋਕੇ ਕਮੇਟੀ ਵਿਵਾਦ ਨੂੰ ਸੁਲਝਾਉਣ ਦੀ ਪੇਸ਼ਕਸ਼ ਕੀਤੀ ਗਈ ਸੀ । ਜਿਸ ਨੂੰ HSGPC ਵੱਲੋਂ ਖਾਰਜ ਕਰ ਦਿੱਤਾ ਗਿਆ ਹੈ । HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹੁਣ ਮਾਮਲਾ ਅਦਾਲਤ ਵਿੱਚ ਹੈ । ਉਨ੍ਹਾਂ ਨੇ SGPC ‘ਤੇ ਦੌਹਰਾ ਵਤੀਰਾ ਅਪਨਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇੱਕ ਪਾਸੇ SGPC ਏਕਾ ਦਾ ਸੁਨੇਹਾ ਦੇ ਰਹੀ ਹੈ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ HSGPC ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇ ਰਹੀ ਹੈ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਸਿੱਖਾ ਨੂੰ ਅਪੀਲ ਕੀਤੀ ਸੀ। ਕਿ ਸਿਆਸੀ ਲੋਕਾਂ ਦੇ ਚੱਕਰ ਵਿੱਚ ਅਸੀਂ ‘ਭਰਾ ਮਾਰੂ ਜੰਗ’ ਦਾ ਹਿੱਸਾ ਨਾ ਬਣੀਏ ਇਸ ਨਾਲ ਪੰਥ ਨੂੰ ਨੁਕਸਾਨ ਹੋਵੇਗਾ । ਉਧਰ ਬੀਤੇ ਦਿਨੀਂ SGPC ਵੱਲੋਂ ਸੁਪਰੀਮ ਕੋਰਟ ਦੇ ਵਿੱਚ HSGPC ਨੂੰ ਮਾਨਤਾ ਦੇਣ ਦੇ ਫੈਸਲੇ ਦੇ ਖਿਲਾਫ਼਼ 2 ਰਿਵਿਊ ਪਟੀਸ਼ਨਾਂ ਪਾਈਆਂ ਗਈਆਂ ਹਨ । HSGPC ਨੂੰ ਹੋਰ ਪਾਵਰ ਦੇਣ ਦੇ ਲਈ ਹੁਣ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਸੋਧ ਆਡੀਨੈਂਸ ਨੂੰ ਮਨਜ਼ੂਰੀ ਦਿੱਤੀ ਗਈ ਹੈ ।

HSGPC ਐਕਟ 2014 ਵਿੱਚ ਹੋਵੇਗੀ ਸੋਧ

ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ-2014 ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਹੈ। ਕੈਬਨਿਟ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ 2014 ਵਿੱਚ ਸੋਧ ਲਈ ਆਰਡੀਨੈਂਸ ਲਿਆਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ । ਖੱਟਰ ਨੇ ਦੱਸਿਆ ਕਿ ਇਹ ਆਰਡੀਨੈਂਸ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਬਿਹਤਰ ਕਰਨ ਦੇ ਲਈ ਪੇਸ਼ ਕੀਤਾ ਗਿਆ ਹੈ । ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਨਵੇਂ ਐਕਟ ਦੇ ਲਾਗੂ ਹੋਣ ਤੋਂ ਬਾਅਦ ਕਮੇਟੀ ਦੀ ਚੋਣ ਹੋਣ ਤੱਕ ਹਰਿਆਣਾ ਸਰਕਾਰ ਵੱਲੋਂ 41 ਮੈਂਬਰਾਂ ਵਾਲੀ ਐਡਹਾਕ ਕਮੇਟੀ ਨੂੰ ਗੁਰਦੁਆਰਾ ਦੇ ਪ੍ਰਬੰਧਨ ਲਈ ਨਾਮਜ਼ਦ ਕੀਤਾ ਗਈ ਹੈ।

ਸੁਖਬੀਰ ਬਾਦਲ ਨੇ ਦੱਸਿਆ ਸਾਜਿਸ਼

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੱਟਰ ਸਰਕਾਰ ਵੱਲੋਂ ਚੁੱਕੇ ਗਏ ਕਦਮ ਨੂੰ ਸਾਜਿਸ਼ ਦੱਸਿਆ ਹੈ । ਉਨ੍ਹਾਂ ਨੇ ਕਿਹਾ ਕਿ ਸਿੱਖ ਪੰਥ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿੱਚ ਪੰਜਾਬ ਅਤੇ ਹਰਿਆਣਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਨੂੰ ਖਾਲਸਾ ਪੰਥ ‘ਤੇ ਹਮਲਾ ਦੱਸਿਆ,ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਵਿੱਚ ਪਹੁੰਚੀ ਸੰਗਤ ਨੂੰ ਆਖਿਆ ਕਿ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਜਾਇਜ਼ ਹੱਕਾਂ ਦੀ ਰਾਖੀ ਵਾਸਤੇ ਸੰਘਰਸ਼ ਕਰੀਏ ਅਤੇ ਆਪਣੇ ਆਪ ਨੂੰ ਤਿਆਰ ਕਰੀਏ ।