ਲੁਧਿਆਣਾ : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ (CM BHAGWANT MANN) ਦੇ ਹਰ ਪ੍ਰੋਗਰਾਮ ਵਿੱਚ ਕਿਸਾਨ ਜਥੇਬੰਦੀਆਂ (FARMER UNION) ਪ੍ਰਦਰਸ਼ਨ ਕਰਨ ਲਈ ਪਹੁੰਚ ਜਾਂਦੀਆਂ ਹਨ। ਇਸੇ ਲਈ ਲੁਧਿਆਣਾ ਵਿੱਚ ਜਦੋਂ ਵੇਰਕਾ ਪਲਾਂਟ (VERKA PLANT) ਦਾ ਉਦਘਾਟਨ ਕਰਨ ਮੁੱਖ ਮੰਤਰੀ ਪਹੁੰਚੇ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪ੍ਰੋਗਰਾਮ ਵਿੱਚ ਸ਼ਾਮਲ ਜਿੰਨਾਂ ਕਿਸਾਨਾਂ ਨੇ ਕਾਲੀਆਂ ਪੱਗਾਂ ਬੰਨਿਆਂ ਸਨ ਉਨ੍ਹਾਂ ਨੂੰ ਉਤਰਵਾ ਦਿੱਤਾ ਗਿਆ ਸੀ। ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਪੁਲਿਸ ਨੂੰ ਸ਼ੱਕ ਸੀ ਕਿ ਕਿਸਾਨ ਕਾਲਾ ਰੰਗ ਵਿਖਾ ਕੇ ਮੁੱਖ ਮੰਤਰੀ ਦਾ ਵਿਰੋਧ ਕਰ ਸਕਦੇ ਹਨ। ਸਿਰਫ਼ ਇੰਨਾਂ ਹੀ ਨਹੀਂ ਇਲਜ਼ਾਮ ਇਹ ਵੀ ਲੱਗਿਆ ਹੈ ਕਿ ਵੇਰਕਾ ਪਲਾਂਟ ਦੇ ਜਿਹੜੇ ਮੁਲਾਜ਼ਮਾਂ ਨੇ ਕਾਲੀ ਪੱਗ ਬੰਨੀ ਸੀ ਉਨ੍ਹਾਂ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ । ਇਹ ਪਹਿਲਾਂ ਮੌਕਾ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਸੇ ਪ੍ਰੋਗਰਾਮ ਵਿੱਚ ਕਾਲੇ ਰੰਗ ਦਾ ਖੌਫ ਵਿਖਾਈ ਦਿੱਤਾ ਹੋਵੇ ਇਸ ਤੋਂ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹੈ।
15 ਅਗਸਤ ਦੇ ਪ੍ਰੋਗਰਾਮ ‘ਚ ਵੀ ਸੀ ਕਾਲੇ ਰੰਗ ‘ਤੇ ਸਖ਼ਤੀ
ਇਸੇ ਸਾਲ 15 ਅਗਸਤ ਨੂੰ ਅਜ਼ਾਦੀ ਦਿਹਾੜੇ ਦਾ ਰਾਜਪੱਧਰੀ ਸਮਾਗਮ ਲੁਧਿਆਣਾ ਵਿੱਚ ਹੋਇਆ ਸੀ । ਇਸ ਸਮਾਗਮ ਤੋਂ ਪਹਿਲਾਂ ਕਈ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਪੁਲਿਸ ਨੇ ਜਿੰਨਾਂ ਬੱਚਿਆਂ ਨੇ ਕਾਲੇ ਰੰਗ ਦੇ ਮਾਸਕ ਪਾਏ ਸਨ ਉਨ੍ਹਾਂ ਨੂੰ ਵੀ ਉਤਰਵਾ ਲਿਆ ਗਿਆ ਸੀ । ਸਾਫ਼ ਹੈ ਕਿ ਵਜ਼ਾਰਤ ਵਿੱਚ ਆਉਣ ਤੋਂ ਬਾਅਦ ਕਾਲੇ ਰੰਗ ਦਾ ਖੌਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿੰਨਾਂ ਪਰੇਸ਼ਾਨ ਕਰ ਰਿਹਾ ਹੈ। ਹਾਲਾਂਕਿ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਜਦੋਂ ਸਰਕਾਰ ਜਾਂ ਫਿਰ ਸਿਆਸੀ ਵਿਰੋਧੀਆਂ ਨੂੰ ਕਾਲਾ ਝੰਡਾ ਵਿਖਾਇਆ ਜਾਂਦਾ ਸੀ ਤਾਂ ਸੀਐੱਮ ਮਾਨ ਤੰਜ ਕੱਸ ਦੇ ਹੋਏ ਵਿਰੋਧੀਆਂ ਨੂੰ ਘੇਰ ਦੇ ਹੋਏ ਨਜ਼ਰ ਆਉਂਦੇ ਸਨ।
‘ਦਿੱਲੀ ਵਿੱਚ ਸ਼ੁਰੂ ਹੋਵੇਗਾ ਵੇਰਕਾ ਪਲਾਂਟ’
ਮੁੱਖ ਮੰਤਰੀ ਭਗਵੰਤ ਮਾਨ ਜਦੋਂ ਫਿਰੋਜ਼ਪੁਰ ਰੋਡ ‘ਤੇ ਬਣੇ ਵੇਰਕਾ ਮਿਲਕ ਪਲਾਂਟ ਦਾ ਉਦਘਟਾਨ ਕਰਨ ਪਹੁੰਚੇ ਤਾਂ ਉਨ੍ਹਾਂ ਦੇ ਸੁਆਗਤ ਦੇ ਲਈ ਸਥਾਨਕ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸੁਆਗਤ ਦਾ ਇੰਤਜਾਮ ਕੀਤਾ ਗਿਆ ਸੀ । ਵੇਰਕਾ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਸੀਐੱਮ ਮਾਨ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਕਿਸਾਨਾਂ ਦੀ ਮਿਹਨਤ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ 105 ਕਰੋੜ ਦੀ ਲਾਗਤ ਨਾਲ ਜਿਹੜਾ ਨਵਾਂ ਵੇਰਕਾ ਪਲਾਂਟ ਸ਼ੁਰੂ ਕੀਤਾ ਗਿਆ ਹੈ ਉਸ ਨਾਲ 10 ਲੱਖ ਮੀਟਰਿਕ ਟਨ ਦੁੱਧ,ਪਨੀਰ ਅਤੇ ਮਖਨ ਤਿਆਰ ਕੀਤਾ ਜਾਵੇਗਾ । ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਿਰਫ਼ ਪੰਜਾਬ ਵਿੱਚ ਹੀ ਨਹੀਂ ਦਿੱਲੀ ਵਿੱਚ ਵੀ ਵੇਰਕਾ ਜਲਦ ਆਪਣਾ ਪਲਾਂਟ ਸ਼ੁਰੂ ਕਰੇਗਾ ।