Punjab

ਪਰਿਵਾਰ ਨੂੰ ਜਿੰਦਾ ਸਾੜਨ ਵਾਲੇ ਸ਼ਖਸ ਨੇ ਆਪ ਵੀ ਕੀਤੀ ਆਤਮਹੱਤਿਆ

 ਲੁਧਿਆਣਾ : ਅੰਤ ਬੁਰੇ ਦਾ ਬੁਰਾ, ਅੰਤ ਭਲੇ ਦਾ ਭਲਾ.. ਇਹ ਸਿਰਫ ਕਹਾਵਤ ਹੀ ਨਹੀਂ ਦੁਨੀਆ ਤੇ ਵਰਤਦੇ ਵਰਤਾਰੇ ਦਾ 1 ਸੱਚ ਵੀ ਹੈ .. ਤੇ ਕਈ ਵਾਰ ਬੁਰੇ ਦਾ ਬੜੀ ਛੇਤੀ ਵੀ ਹੋ ਜਾਂਦੈ … ਅਜਿਹਾ ਹੀ ਅੰਤ ਉਸ ਦਰਿੰਦੇ ਸ਼ਖਸ ਦਾ ਹੋਇਆ ਜਿਸਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਮਾਸੂਮ ਬੱਚਿਆਂ ਤੇ ਪਤਨੀ ਸਮੇਤ ਪੂਰੇ ਸਹੁਰੇ ਪਰਿਵਾਰ ਨੂੰ ਕਮਰਾ ਬੰਦ ਕਰਕੇ ਅੱਗ ਲਾ ਕੇ ਸਾੜ ਦਿੱਤਾ ਸੀ। ਮਨ ਤੇ ਸ਼ੈਤਾਨ ਐਨਾ ਹਾਵੀ ਸੀ ਕਿ ਕਮਰੇ ਚੋਂ ਨਿਕਲਦੀਆਂ ਮਾਸੂਮ ਚੀਕਾਂ ਵੀ ਉਸਨੂੰ ਪਿਘਲਾ ਨਹੀਂ ਸਕੀਆਂ, ਤੇ ਇਸ ਕਾਰੇ ਨੂੰ ਅੰਜਾਮ ਦੇਣ ਵਾਲਾ ਆਪ ਵੀ ਨਹੀਂ ਬਚਿਆ, ਉਸਨੇ ਆਪਣੇ ਹੱਥੀਂ ਆਪਮੀ ਜਾਨ ਵੀ ਲੈ ਲਈ ਹੈ।

ਆਪਣੇ ਹੀ ਪਰਿਵਾਰ ਨੂੰ ਜਿੰਦਾ ਸਾੜਨ ਵਾਲੇ ਕਾਲੀ ਸਿੰਘ ਨੇ ਲੁਧਿਆਣਾ ਚ ਹੀ ਆਤਮਹਤਿਆ ਕਰ ਲਈ ਹੈ, ਪੁਲਿਸ ਇਸ ਦੀ ਭਾਲ ਕਰ ਰਹੀ ਸੀ ਪਰ ਇਸ ਨੇ ਪੁਲਿਸ ਦੇ ਹੱਥੇ ਚੜਨ ਤੋਂ ਪਹਿਲਾਂ ਹੀ ਆਪਣੇ ਹੀ ਘਰ ਦੇ ਬਾਹਰ ਇੱਕ ਰੁੱਖ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਸੋਮਵਾਰ ਦੀ ਰਾਤ ਨੂੰ ਇਸ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਨੂੰ ਪੈਟਰੋਲ ਪਾ ਕੇ ਜਿੰਦਾ ਸਾੜ ਦਿੱਤਾ ਸੀ ਤੇ ਫਰਾਰ ਸੀ ।

ਇਹ ਘਟਨਾ ਜਲੰਧਰ ਦੇ ਪਿੰਡ ਬੀਟਲਾ ਵਿੱਚ ਵਾਪਰੀ ਸੀ, ਜਦੋਂ ਕ੍ਰੋਧ ਦੀ ਅੱਗ ਚ ਸੜ ਰਿਹਾ ਕਾਲੀ ਸਿੰਘ ਆਪਣੇ ਸਹੁਰੇ ਪਰਿਵਾਰ ਪਹੁੰਚਿਆ ਅਤੇ ਰਾਤ ਨੂੰ ਸੁੱਤੇ ਪਏ ਆਪਣੀ ਪਤਨੀ,ਧੀ,ਪੁੱਤਰ, ਸੱਸ ਅਤੇ ਸਹੁਰੇ ‘ਤੇ ਪੈਟਰੋਲ ਸੁੱਟ ਕੇ ਜ਼ਿੰਦਾ ਸਾੜ ਦਿੱਤਾ, ਇੰਨਾ ਹੀ ਨਹੀਂ ਉਸਨੇ ਪਹਿਲਾਂ ਕਮਰੇ ਨੂੰ ਜਿੰਦਰਾ ਮਾਰਿਆ, ਫੇਰ ਪੈਟਰੋਲ ਛਿੜਕਿਆ ਤੇ ਕਮਰਾ ਅੱਗ ਦੇ ਹਵਾਲੇ ਕਰ ਦਿੱਤਾ, ਅੰਦਰੋਂ ਪੂਰਾ ਪਰਿਵਾਰ ਚੀਕਾਂ ਮਾਰਦਾ ਰਿਹਾ ਪਰ ਉਸਨੇ ਦਰਿੰਦੇ ਨੇ ਦਰਵਾਜਾ ਨਹੀਂ ਖੋਲਿਆ। ਕਾਲੀ ਇਥੇ ਵੀ ਨਹੀਂ ਰੁਕਿਆ, ਅੱਗ ‘ਚ ਮੱਚਦੇ ਪੂਰੇ ਪਰਿਵਾਰ ਨੂੰ ਦੇਖ-ਦੇਖ ਲਲਕਾਰੇ ਮਾਰਦਾ ਰਿਹਾ, ਕਿ ਉਸ ਨੇ ਹੀ ਘਰ ਨੂੰ ਅੱਗ ਲਗਾਈ ਹੈ, ਪਿੰਡ ਦੇ ਲੋਕ ਵੀ ਦਹਿਸ਼ਤ ਹੇਠ ਆ ਗਏ, ਡਰਦਾ ਮਾਰਿਆ ਕੋਈ ਉਹਦੇ ਨੇੜੇ ਨਹੀਂ ਲੱਗਿਆ ਤੇ ਕਾਲੀ ਮੌਕੇ ਤੋਂ ਫਰਾਰ ਹੋ ਗਿਆ ਸੀ।

ਦਿਲ ਨੂੰ ਝਿੰਜੋੜ ਦੇਣ ਵਾਲੀ ਇਸ ਘਟਨਾ ਨੂੰ ਸੁਣਨ ਅਤੇ ਵੇਖਣ ਤੋਂ ਬਾਅਦ ਪੂਰਾ ਪਿੰਡ ਡਰਿਆ ਹੋਇਆ ਸੀ ਤੇ ਹੁਣ ਖੁਦ ਦੋਸ਼ੀ ਕਾਲੀ ਸਿੰਘ ਨੇ ਮੌਤ ਨੂੰ ਗਲੇ ਲਗਾ ਲਿਆ ਹੈ ਤੇ ਇੱਕ ਕਲੇਸ਼ ਦਾ ਅਜਿਹਾ ਦਰਦਨਾਕ ਅੰਤ ਹੋਇਆ ਹੈ ਕਿ ਪੂਰਾ ਪਰਿਵਾਰ ਖ਼ਤਮ ਹੋ ਗਿਆ ਹੈ, ਕਾਲੀ ਦਾ ਕੋਈ ਅੰਸ਼ ਬੰਸ਼ ਨਹੀਂ ਬਚਿਆ।

ਪਿੰਡ ਖੁਰਸ਼ੈਦਪੁਰਾ ਦੇ ਕਾਲੀ ਸਿੰਘ ਦਾ ਪਿੰਡ ਬੀਟਲਾ ਦੀ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ, ਦੋਵਾਂ ਦੇ 2 ਬੱਚੇ ਸਨ ਇੱਕ ਧੀ ਅਤੇ ਇੱਕ ਪੁੱਤਰ, ਪਤੀ-ਪਤਨੀ ਵਿਚਾਲੇ ਰਿਸ਼ਤੇ ਚੰਗੇ ਨਹੀਂ ਸਨ ਇਸੇ ਲਈ ਪਤਨੀ ਪਰਮਜੀਤ ਕੌਰ ਕੁਝ ਸਮੇਂ ਪਹਿਲਾਂ ਆਪਣੇ ਪੇਕੇ ਘਰ ਆ ਗਈ ਸੀ। ਪਿੰਡ ਵਾਲਿਆਂ ਦੇ ਮੁਤਾਬਕ ਉਹ ਨਸ਼ੇ ਦਾ ਆਦੀ ਵੀ ਸੀ।