ਦਿੱਲੀ : ਕੌਮੀ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ? ਇਸ ਦੇ ਲਈ ਵੋਟਿੰਗ ਦੀ ਪ੍ਰਕਿਆ ਪੂਰੀ ਹੋ ਗਈ ਹੈ । ਤਕਰੀਬਨ 90 ਫੀਸਦੀ ਵੋਟਿੰਗ ਹੋਈ ਹੈ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਹੋਵੇਗਾ । 22 ਸਾਲ ਬਾਅਦ ਪਾਰਟੀ ਨੂੰ ਗਾਂਧੀ ਪਰਿਵਾਰ ਤੋਂ ਇਲਾਵਾ ਪ੍ਰਧਾਨ ਮਿਲੇਗਾ । ਮੁਕਾਬਲਾ ਮੱਲਿਕਾਰਜੁਨ ਖੜਗੇ (Mallikarjun kharge and shashi tharoor) ਅਤੇ ਸ਼ਸ਼ੀ ਥਰੂਰ ਦੇ ਵਿਚਾਲੇ ਹੈ,ਪਰ ਜਿਸ ਤਰ੍ਹਾਂ ਖੜਗੇ ਨੂੰ ਗਾਂਧੀ ਪਰਿਵਾਰ ਦੀ ਹਿਮਾਇਤ ਮਿਲੀ ਹੈ ਉਨ੍ਹਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਕਾਂਗਰਸ ਦੀ ਕੇਂਦਰੀ ਚੋਣ ਪ੍ਰਕਿਆ ਦੇ ਪ੍ਰਧਾਨ ਮਧੂਸੁਧਨ ਮਿਸਤੀ ਨੇ ਦੱਸਿਆ ਕਿ 9,500 ਡੈਲੀਗੇਸ਼ਨ ਨੇ ਵੋਟਿੰਗ ਕੀਤੀ । ਕੁੱਲ 96% ਵੋਟਿੰਗ ਸੂਬਿਆਂ ਵਿੱਚ ਹੋਈ। 87 ਆਗੂਆਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਦਫ਼ਤਰ ਵਿੱਚ ਵੋਟਿੰਗ ਕੀਤੀ ਹੈ । ਉਧਰ ਵੋਟਿੰਗ ਦੌਰਾਨ ਸ਼ਸ਼ੀ ਥਰੂਰ ਦਾ ਇੱਕ ਦਲੇਰੀ ਵਾਲਾ ਬਿਆਨ ਕਾਫੀ ਚਰਚਾ ਵਿੱਚ ਹੈ
‘ਇਤਿਹਾਸ ਯਾਦ ਰੱਖੇਗਾ,ਅਸੀਂ ਖਾਮੋਸ਼ ਨਹੀਂ ਸੀ’
ਵੋਟਿੰਗ ਦੌਰਾਨ ਰਾਜਸਥਾਨ,ਮੱਧ ਪ੍ਰਦੇਸ਼, ਛਤੀਸਗੜ੍ਹ,ਪੰਜਾਬ ਅਤੇ ਹਰਿਆਣਾ ਸਮੇਤ ਕਈ ਅਜਿਹੇ ਸੂਬੇ ਸੀ ਜਿੱਥੇ ਸਸ਼ੀ ਥਰੂਰ ਨੂੰ ਪੋਲਿਗ ਏਜੰਟ ਨਹੀਂ ਮਿਲਿਆ ਸੀ। ਕਾਂਗਰਸ ਨੇ ਇਸ ਤੋਂ ਬਾਅਦ ਨਿਯਮਾਂ ਵਿੱਚ ਬਦਲਾਅ ਕੀਤਾ ਅਤੇ ਉਨ੍ਹਾਂ ਨੂੰ ਪੋਲਿੰਗ ਏਜੰਟ ਦਿੱਤਾ । ਕਾਂਗਰਸ ਦੇ ਸੰਵਿਧਾਨ ਮੁਤਾਬਿਕ ਵੋਟ ਪਾਉਣ ਵਾਲਾ ਡੈਲੀਗੇਟ ਹੀ ਪੋਲਿੰਗ ਏਜੰਟ ਹੁੰਦਾ ਹੈ। ਇਸ ਦੌਰਾਨ ਸ਼ਸ਼ੀ ਥਰੂਰ ਨੇ ਟਵੀਟ ਕਰਦੇ ਹੋਏ ਲਿਖਿਆ ‘ਕੁਝ ਲੜਾਇਆਂ ਇਸ ਲਈ ਵੀ ਲੜੀਆਂ ਜਾਂਦੀਆਂ ਹਨ ਕਿ ਇਤਿਹਾਸ ਯਾਦ ਰੱਖ ਸਕੇ ਕੀ ਵਰਤਮਾਨ ਖਾਮੋਸ਼ ਨਹੀਂ ਸੀ’। ਥਰੂਰ ਦਾ ਇਹ ਟਵੀਟ ਆਪਣੇ ਆਪ ਵਿੱਚ ਹੀ ਕਾਫੀ ਕੁਝ ਬਿਆਨ ਕਰ ਰਿਹਾ ਹੈ । ਥਰੂਰ ਵੀ ਕਾਂਗਰਸ ਦੇ ਬਾਗ਼ੀ ਗੁੱਟ G-23 ਦਾ ਹਿੱਸਾ ਸੀ ਪਰ ਕਿਸੇ ਨੇ ਵੀ ਚੋਣ ਲੜਨ ਦੀ ਹਿੰਮਤ ਨਹੀਂ ਵਿਖਾਈ ।
ਅਖੀਰਲੀ ਵਾਰ 1998 ਵਿੱਚ ਵੋਟਿੰਗ ਹੋਈ ਸੀ
ਕਾਂਗਰਸ ਦੇ ਕੌਮੀ ਪ੍ਰਧਾਨ ਚੁਣਨ ਦੇ ਲਈ ਅਖੀਰਲੀ ਵਾਰ ਵੋਟਿੰਗ 1998 ਵਿੱਚ ਹੋਈ ਸੀ। ਉਸ ਵੇਲੇ ਸੋਨੀਆ ਗਾਂਧੀ ਦੇ ਸਾਹਮਣੇ ਜਤਿੰਦਰ ਪ੍ਰਸਾਦ ਸਨ। ਸੋਨੀਆ ਗਾਂਧੀ ਨੂੰ 7,448 ਵੋਟ ਮਿਲੇ । ਜਦਕਿ ਜਿਤੇਂਦਰ ਪ੍ਰਸਾਦ ਨੂੰ ਸਿਰਫ਼ 94 ਵੋਟ ਹਾਸਲ ਹੋਏ ਸਨ। ਸੋਨੀਆ ਗਾਂਧੀ ਦੇ ਪ੍ਰਧਾਨ ਚੁਣਨ ਤੋਂ ਬਾਅਦ ਕਾਾਂਗਰਸ ਨੂੰ ਕੋਈ ਚੁਣੌਤੀ ਨਹੀਂ ਮਿਲੀ ਸੀ ।
ਪੰਜਾਬ ਭਵਨ ਵਿੱਚ ਵੋਟਿੰਗ ਹੋਈ
ਉਧਰ ਪੰਜਾਬ ਵਿੱਚ ਵੀ ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਚੁਣਨ ਦੇ ਲਈ ਵੋਟਿੰਗ ਹੋਈ,ਪੰਜਾਬ ਕਾਂਗਰਸ ਭਵਨ ਵਿੱਚ ਇਸ ਦਾ ਇੰਤਜ਼ਾਮ ਕੀਤੇ ਗਿਆ ਸੀ।ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸੂਬਾ ਕਾਂਗਰਸ ਪ੍ਰਧਾਨ ਸਮੇਤ ਕਈ ਦਿੱਗਜ ਕਾਂਗਰਸੀ ਆਗੂਆਂ ਵੱਲੋਂ ਵੋਟਿੰਗ ਕੀਤੀ ਗਈ। ਉਧਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਦਿੱਲੀ ਵਿੱਚ ਕਾਂਗਰਸ ਦਫ਼ਤਰ ਜਾਕੇ ਵੋਟਿੰਗ ਵਿੱਚ ਹਿੱਸਾ ਲਿਆ ।