‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ (Punjab) ਦੇ ਲੋਕਾਂ ਨੂੰ ਮਹਿੰਗਾਈ ਦੀ ਇੱਕ ਹੋਰ ਮਾਰ ਝੱਲਣੀ ਪਵੇਗੀ। ਹੁਣ ਗਾਹਕਾਂ ਨੂੰ ਵੇਰਕਾ ਦੁੱਧ (Verka) ਖਰੀਦਣ ਲਈ ਵਧੀ ਹੋਈ ਕੀਮਤ ਅਦਾ ਕਰਨੀ ਪਵੇਗੀ। ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵੇਰਕਾ ਦੇ ਨਾਲ ਅਮੁਲ (Amul) ਨੇ ਵੀ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧਾ ਦਿੱਤੀਆਂ ਹਨ।
ਨਵੀਆਂ ਕੀਮਤਾਂ 15 ਅਕਤੂਬਰ ਤੋਂ ਲਾਗੂ ਹੋਣਗੀਆਂ। ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਬ੍ਰਾਂਡ ਵੇਰਕਾ ਨੇ ਹਰ ਕਿਸਮ ਦੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। 4 ਮਹੀਨਿਆਂ ਦੇ ਅੰਦਰ ਦੁੱਧ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ। ਵੇਰਕਾ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਉਨ੍ਹਾਂ ਵੱਲੋਂ ਖਰੀਦੇ ਜਾਂਦੇ ਕੱਚੇ ਦੁੱਧ ਦੀ ਕੀਮਤ ਵਧਣ ਲਈ ਬਰਾਂਡ ‘ਤੇ ਲਗਾਤਾਰ ਦਬਾਅ ਪੈ ਰਿਹਾ ਸੀ, ਜਿਸ ਕਾਰਨ ਇਹ ਵਾਧਾ ਕੀਤਾ ਗਿਆ ਹੈ।
ਨਵੀਆਂ ਕੀਮਤਾਂ ਲਾਗੂ ਹੋਣ ਦੇ ਬਾਅਦ ਹੁਣ ਅਮੁਲ ਦੁੱਧ 63 ਰੁਪਏ ਪ੍ਰਤੀ ਲੀਟਰ ਵਿਚ ਮਿਲੇਗਾ। ਇਸ ਤੋਂ ਪਹਿਲਾਂ ਅਮੂਲ ਨੇ 17 ਅਗਸਤ ਨੂੰ ਦੁੱਧ ਦੇ ਰੇਟ 2 ਰੁਪਏ ਪ੍ਰਤੀ ਲੀਟਰ ਵਧਾਏ ਸਨ। 28 ਫਰਵਰੀ ਨੂੰ ਵੀ ਕੰਪਨੀ ਨੇ 2 ਰੁਪਏ ਪ੍ਰਤੀ ਲੀਟਰ ਰੇਟ ਵਧਾਇਆ ਸੀ। ਅਮੁਲ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ ਇਹ ਤੀਜੀ ਵਾਰ ਵਾਧਾ ਹੈ। ਇਸ ਤੋਂ ਪਹਿਲਾਂ ਮਸ਼ਹੂਰ ਦੁੱਧ ਬ੍ਰਾਂਡ ਅਮੁਲ ਤੇ ਮਦਰ ਡੇਅਰੀ ਨੇ ਪਿਛਲੀ ਵਾਰ ਖਰੀਦ ਲਾਗਤ ਵਿਚ ਵਾਧੇ ਦੀ ਭਰਪਾਈ ਲਈ ਅਗਸਤ ਮਹੀਨੇ ਵਿਚ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਮਾਰਚ ਵਿਚ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ।
ਅੱਜ ਦੀ ਵਧੀ ਹੋਈ ਕੀਮਤ ਘਰੇਲੂ ਬਜਟ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਦੁੱਧ ਸਭ ਤੋਂ ਵਧ ਖਪਤ ਵਾਲੀ ਚੀਜ਼ਾਂ ਵਿਚੋਂ ਇਕ ਹੈ। ਅਮੁਲ ਸ਼ਕਤੀ ਦੁੱਧ 50 ਰੁਪਏ ਪ੍ਰਤੀ ਲੀਟਰ, ਅਮੁਲ ਗੋਲਡ 62 ਰੁਪਏ ਪ੍ਰਤੀ ਲੀਟਰ ਤੇ ਅਮੁਲ ਤਾਜ਼ਾ 56 ਰੁਪਏ ਪ੍ਰਤੀ ਲੀਟਰ, ਫੁੱਲ ਕ੍ਰੀਮ ਦੁੱਧ 63 ਰੁਪਏ ਪ੍ਰਤੀ ਲੀਟਰ ‘ਤੇ ਮਿਲ ਰਿਹਾ ਸੀ।
ਵੇਰਕਾ ਨੇ 1 ਲੀਟਰ ਦੁੱਧ ਦੀ ਕੀਮਤ ਵਿਚ 2 ਰੁਪਏ ਦਾ ਵਾਧਾ ਕੀਤਾ ਹੈ ਜਦਕਿ ਅੱਧਾ ਲੀਟਰ ਦੇ ਪੈਕੇਟ ਦੀ ਕੀਮਤ ਵਿਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਦਰ ਡੇਅਰੀ ਨੇ ਦਿੱਲੀ-NCR ਵਿਚ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਸਨ। ਮਦਰ ਡੇਅਰੀ ਫੁੱਲ ਕ੍ਰੀਮ ਦੁੱਧ 61 ਰੁਪਏ ਪ੍ਰਤੀ ਲੀਟਰ ਟੋਂਡ ਦੁੱਧ 51 ਰੁਪਏ ਪ੍ਰਤੀ ਲੀਟਰ, ਡਬਲਟ ਟੋਂਡ 45 ਰੁਪਏ ਪ੍ਰਤੀ ਲੀਟਰ, ਗਾਂ ਦਾ ਦੁੱਧ 53 ਰੁਪਏ ਪ੍ਰਤੀ ਲੀਟਰ ਤੇ ਟੋਕਨ ਵਾਲਾ ਦੁੱਧ 48 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।