‘ਦ ਖ਼ਾਲਸ ਬਿਊਰੋ : ਬਠਿੰਡਾ ਵਿਚ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾ ਕੇ ਐਨਆਰਆਈ ਵੱਲੋਂ ਵਿਆਹ ਦੀ ਪੇਸ਼ਕਸ਼ ਕਰਨ ਦੇ ਮਾਮਲੇ ਵਿਚ ਲੱਗੇ ਪੋਸਟਰਾਂ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਕੇਸ ਦਰਜ ਕਰਕੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੋਤਵਾਲੀ ਥਾਣੇ ਦੇ ਐਸ ਐਚ ਓ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕਾਬਲੇ ਦੇ ਪ੍ਰਬੰਧਕਾਂ ਸੁਰਿੰਦਰ ਸਿੰਘ ਤੇ ਰਾਮ ਦਿਆਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ, ਕੱਲ੍ਹ ਬਠਿੰਡਾ ਸ਼ਹਿਰ ਦੇ ਕਈ ਇਲਾਕਿਆਂ ਵਿਚ’ਸੁੰਦਰ ਲੜਕੀ ਮੁਕਾਬਲਾ’ ਕਰਵਾਉਣ ਦੇ ਪੋਸਟਰ ਲੱਗੇ ਹੋਏ ਸਨ। ਇਹ ਮੁਕਾਬਲਾ 23 ਅਤੂਬਰ ਨੂੰ ਇਕ ਪ੍ਰਾਈਵੇਟ ਹੋਟਲ ਵਿਚ ਰੱਖੇ ਜਾਣ ਦੀ ਪੋਸਟਰ ਵਿੱਚ ਜਾਣਕਾਰੀ ਦਿੱਤੀ ਗਈ ਸੀ ਪਰ ਮਾਮਲੇ ਦਾ ਸੋਸ਼ਲ ਮੀਡੀਆ ’ਤੇ ਰੌਲਾ ਪੈਣ ’ਤੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 501, 509 ਅਤੇ 109 ਆਈ ਪੀ ਸੀ ਦੇ ਨਾਲ ਇੰਡੀਸੈਂਟ ਰੀਪ੍ਰੈਸੈਂਟੇਸ਼ਨ ਆਫ ਵੁਮੈਨ ਪ੍ਰੋਹੀਬੀਸ਼ਨ ਅਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਹੈ।
ਪੋਸਟਰ ਨੂੰ ਲੈ ਕੇ ਇਤਰਾਜ਼
ਪੋਸਟਰ ਨੂੰ ਲੈ ਕੇ ਲੋਕਾਂ ਦਾ ਸਭ ਤੋਂ ਵੱਡਾ ਇਤਰਾਜ਼ ਜਨਰਲ ਕਾਸਟ ਸ਼ਬਦ ਨੂੰ ਲੈ ਕੇ ਸੀ, ਜਿਸ ਤਰ੍ਹਾਂ ਨਾਲ ਵਾਰ-ਵਾਰ ਇਸ ਨੂੰ ਹਾਈਲਾਈਟ ਕੀਤਾ ਗਿਆ ਸੀ। ਇਹ ਕਿਧਰੇ ਨਾ ਕਿਧਰੇ ਸਮਾਜ ਦੇ ਇੱਕ ਹਿੱਸੇ ‘ਤੇ ਤੰਜ ਕੱਸਣ ਵਾਲਾ ਸੀ। ਦੂਜਾ ਜਿਸ ਤਰ੍ਹਾਂ ਸੁੰਦਰ ਕੁੜੀਆਂ ਨੂੰ ਵੀ ਹਾਈਲਾਈਟ ਕੀਤਾ ਗਿਆ ਹੈ, ਉਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ ‘ਤੇ ਲੋਕ ਇਤਰਾਜ਼ ਜਤਾ ਰਹੇ ਸਨ। ਸਭ ਤੋਂ ਵੱਧ ਪੋਸਟਰ ਧੋਖਾਧੜੀ ਵੱਲ ਵੀ ਇਸ਼ਾਰਾ ਕਰ ਰਿਹਾ ਸੀ, ਜਿਸ ਤਰ੍ਹਾਂ ਪੋਸਟਰ ਵਿੱਚ NRI ਲਾੜਿਆਂ ਦਾ ਲਾਲਚ ਦਿੱਤਾ ਗਿਆ ਹੈ, ਉਹ ਗੁੰਮਰਾਹ ਕਰਨ ਵਾਲਾ ਹੈ। ਹਾਲਾਂਕਿ ਪੋਸਟਰ ਵਿੱਚ ਤਿੰਨ ਫੋਨ ਨੰਬਰ ਵੀ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ 2 ਪੰਜਾਬ ਅਤੇ 1 ਵਿਦੇਸ਼ ਦਾ ਦੱਸਿਆ ਜਾ ਰਿਹਾ ਸੀ। ਪਰ ਦੋਵੇਂ ਨੰਬਰਾਂ ‘ਤੇ ਜਦੋਂ ਫੋਨ ਕੀਤਾ ਗਿਆ ਤਾਂ ਉਹ ਬੰਦ ਸਨ।
ਬਠਿੰਡਾ ‘ਚ ਸੁੰਦਰ ਲੜਕੀਆਂ ਦਾ ਮੁਕਾਬਲਾ, ਜੇਤੂ ਲੜਕੀਆਂ ਨੂੰ ਮਿਲੇਗਾ ਕੈਨੇਡਾ ਦਾ ਲਾੜਾ !
ਪੋਸਟਰ ਵਿਵਾਦ ‘ਤੇ ਹੋਟਲ ਮਾਲਕ ਦਾ ਬਿਆਨ
ਪੋਸਟਰ ‘ਚ ਜਿਹੜੇ ਹੋਟਲ ਵਿੱਚ ਸੁੰਦਰ ਕੁੜੀਆਂ ਦੇ ਮੁਕਾਬਲੇ ਦਾ ਜ਼ਿਕਰ ਕੀਤਾ ਗਿਆ ਹੈ, ਉਸ ਦੇ ਮਾਲਿਕ ਦਾ ਬਿਆਨ ਵੀ ਸਾਹਮਣੇ ਆਇਆ ਸੀ। ਉਸ ਨੇ ਕਿਹਾ ਕਿ ਸਾਡੇ ਹੋਟਲ ਦਾ ਨਾਂ ਵਰਤਿਆ ਗਿਆ ਹੈ, ਇੱਥੇ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਹੈ।