‘ਦ ਖ਼ਾਲਸ ਬਿਊਰੋ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਸੂਤਰਾਂ ਮੁਤਾਬਕ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹਿਣਗੇ। ਇਸ ਤੋਂ ਇਲਾਵਾ ਰਾਜਸਥਾਨ ਦੇ ਆਸ਼ਰਮ ਦਾ ਵੀ ਵਿਕਲਪ ਖੁੱਲ੍ਹਾ ਹੈ। ਹਾਲਾਂਕਿ, ਰਾਮ ਰਹੀਮ ਡੇਰਾ ਸਿਰਸਾ ਜਾਣਾ ਚਾਹੁੰਦਾ ਸੀ ਪਰ ਸਰਕਾਰ ਨੇ ਇਸਦੀ ਸਹਿਮਤੀ ਨਹੀਂ ਦਿੱਤੀ।
ਪਹਿਲਾਂ ਵੀ ਦੋ ਵਾਰ ਮਿਲ ਚੁੱਕੀ ਹੈ ਪੈਰੋਲ
ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਅਤੇ ਜੂਨ 2022 ਵਿੱਚ ਪੈਰੋਲ ਮਿਲੀ ਸੀ। ਹੁਣ ਤੱਕ ਰਾਮ ਰਹੀਮ ਨੂੰ 51 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ। ਪਹਿਲਾਂ ਉਹ ਗੁਰੂਗ੍ਰਾਮ ਦੇ ਡੇਰੇ ਵਿੱਚ ਰਹੇ ਸਨ। ਇਸ ਤੋਂ ਬਾਅਦ ਯੂਪੀ ਦੇ ਬਾਗਪਤ ਵਿੱਚ 30 ਦਿਨ ਰਹੇ। ਇਸ ਦੌਰਾਨ ਉਸ ਨੇ ਆਪਣੇ ਸਤਸੰਗਿ ਦੇ ਵੀਡੀਓ ਵੀ ਜਾਰੀ ਕੀਤੇ ਸੀ।
ਚੋਣਾਂ ਨਾਲ ਜੋੜ ਕੇ ਵੇਖੀ ਜਾ ਰਹੀ ਹੈ ਪੈਰੋਲ
ਹਰਿਆਣਾ ਵਿੱਚ ਆਦਮਪੁਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਸਿਰਸਾ ਆਦਮਪੁਰ ਦੇ ਨੇੜੇ ਹੈ, ਜਿੱਥੇ ਰਾਮ ਰਹੀਮ ਦੇ ਬਹੁਤ ਸਾਰੇ ਸ਼ਰਧਾਲੂ ਰਹਿੰਦੇ ਹਨ। ਪੰਚਾਇਤੀ ਚੋਣਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ਵਿੱਚ 9 ਜ਼ਿਲ੍ਹਿਆਂ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਰਾਮ ਰਹੀਮ ਦੇ ਬਾਹਰ ਆਉਣ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਰਾਮ ਰਹੀਮ ਦੀ ਪੈਰੋਲ ਮਿਆਦ ਦੌਰਾਨ ਡੇਰੇ ਦਾ ਸਿਆਸੀ ਵਿੰਗ ਸਮਰਥਨ ਦੀ ਰਣਨੀਤੀ ਬਣਾਏਗਾ, ਜਿਸ ਬਾਰੇ ਲੋਕਾਂ ਨੂੰ ਅੱਗੇ ਤੋਂ ਜਾਣੂ ਕਰਵਾਇਆ ਜਾਵੇਗਾ।
ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਵੀ ਆਇਆ ਸੀ ਜੇਲ੍ਹ ‘ਚੋਂ ਬਾਹਰ
ਡੇਰਾ ਮੁਖੀ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਸਮੇਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਇਹ ਫਰਲੋ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਮਾਲਵੇ ਦੀਆਂ 35 ਤੋਂ ਵੱਧ ਸੀਟਾਂ ‘ਤੇ ਡੇਰਾ ਸੱਚਾ ਸੌਦਾ ਦਾ ਸਿੱਧਾ ਪ੍ਰਭਾਵ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਸੀ।
ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ 2017 ਤੋਂ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ 27 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਅਤੇ ਉਹ ਯੂਪੀ ਦੇ ਬਾਗਪਤ ਆਸ਼ਰਮ ‘ਚ ਰਿਹਾ।
ਪਰਿਵਾਰ ਤੋਂ ਬਣੀ ਦੂਰੀ
ਰਾਮ ਰਹੀਮ ਦੀ ਹੁਣ ਪਰਿਵਾਰ ਤੋਂ ਦੂਰੀ ਵੱਧ ਗਈ ਹੈ। ਪੂਰਾ ਪਰਿਵਾਰ ਵਿਦੇਸ਼ ਵਿੱਚ ਸੈਟਲ ਹੋ ਗਿਆ ਹੈ। ਰਾਮ ਰਹੀਮ ਦੀਆਂ ਦੋ ਬੇਟੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਜਾ ਚੁੱਕੀਆਂ ਸਨ। 26 ਸਤੰਬਰ ਨੂੰ ਬੇਟਾ ਜਸਮੀਤ ਵੀ ਪਰਿਵਾਰ ਨਾਲ ਲੰਡਨ ਚਲਾ ਗਿਆ। ਹਾਲਾਂਕਿ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਰਤ ਵਿੱਚ ਹੀ ਰਹਿਣਗੀਆਂ।
ਹਨੀਪ੍ਰੀਤ ਨੂੰ ਬਣਾਇਆ ਪਰਿਵਾਰਕ ਮੈਂਬਰ
ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੀ ਫੈਮਿਲੀ ਆਈਡੀ ਨਾਲ ਜੋੜਿਆ ਹੈ। ਹਨੀਪ੍ਰੀਤ ਨੂੰ ਮੁੱਖ ਚੇਲਾ ਅਤੇ ਧਰਮ ਦੀ ਬੇਟੀ ਦੱਸਿਆ ਗਿਆ ਹੈ। ਰਾਮ ਰਹੀਮ ਨੇ ਆਪਣੀ ਪਤਨੀ ਹਰਜੀਤ ਕੌਰ ਅਤੇ ਮਾਂ ਨਸੀਬ ਕੌਰ ਦੇ ਨਾਂ ਦਰਜ ਨਹੀਂ ਕਰਵਾਏ ਸਨ। ਰਾਮ ਰਹੀਮ ਨੇ ਬਾਗਪਤ ਆਸ਼ਰਮ ਵਿੱਚ ਰਹਿਣ ਦੌਰਾਨ ਆਪਣਾ ਆਧਾਰ ਕਾਰਡ ਵੀ ਅਪਡੇਟ ਕੀਤਾ ਸੀ। ਜਿਸ ਵਿੱਚ ਪਿਤਾ ਦੇ ਨਾਮ ਦੇ ਅੱਗੇ ਚੇਲਾ ਅਤੇ ਗੱਦੀਨਸ਼ੀਨ ਸ਼ਾਹ ਸਤਨਾਮ ਜੀ ਮਹਾਰਾਜ ਦਾ ਨਾਮ ਉਕਰਿਆ ਹੋਇਆ ਸੀ, ਜਦੋਂ ਕਿ ਪਹਿਲਾਂ ਪਿਤਾ ਮੱਗਰ ਸਿੰਘ ਦਾ ਨਾਮ ਉਕਰਿਆ ਹੋਇਆ ਸੀ।