ਦਿੱਲੀ : ਭਾਰਤ ਦੀ ਸਰਵੋਤਮ ਡਿਸਕਸ ਥਰੋਅਰ ਕਮਲਪ੍ਰੀਤ ਕੌਰ ‘ਤੇ ਐਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਤਿੰਨ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਏਆਈਯੂ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੌਰ ਨੇ ਇੱਕ ਪਾਬੰਦੀਸ਼ੁਦਾ ਪਦਾਰਥ ਸਟੈਨੋਜ਼ੋਲੋਲ ਦੀ ਵਰਤੋਂ ਕੀਤੀ ਹੈ ਤੇ ਇਹ ਟੈਸਟ ਵਿੱਚ ਸਾਬਤ ਹੋ ਗਿਆ ਹੈ।
ਏਆਈਯੂ ਦਾ ਕਹਿਣਾ ਹੈ ਕਿ ਕੌਰ ਤੇ ਸਟੈਨੋਜ਼ੋਲੋਲ ਦੀ ਵਰਤੋਂ ਕਰਨ ਲਈ ਤਿੰਨ ਸਾਲ ਦੀ ਪਾਬੰਦੀ ਲਗਾਈ ਗਈ ਹੈ, ਜੋ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ਵਿੱਚ ਆਉਂਦਾ ਹੈ। ਕਮਲਪ੍ਰੀਤ ਕੌਰ ਨੇ 7 ਮਾਰਚ ਨੂੰ ਪਟਿਆਲਾ ਵਿੱਚ ਇੱਕ ਮੁਕਾਬਲੇ ਦੌਰਾਨ ਟੈਸਟ ਲਈ ਨਮੂਨਾ ਮੁਹੱਈਆ ਕਰਵਾਇਆ ਸੀ। ਤਿੰਨ ਹਫ਼ਤਿਆਂ ਬਾਅਦ, ਲੁਸਾਨੇ, ਸਵਿਟਜ਼ਰਲੈਂਡ ਵਿੱਚ ਇੱਕ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਨੇ ਨਮੂਨੇ ਵਿੱਚ ਸਟੈਨੋਜ਼ੋਲੋਲ ਦੀ ਮੌਜੂਦਗੀ ਪਾਈ ਤੇ ਕਮਲਪ੍ਰੀਤ ਕੌਰ ਨੂੰ 29 ਮਾਰਚ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ।
ਕੌਰ ਨੇ ਏਆਈਯੂ ਤੋਂ ਨੋਟਿਸ ਮਿਲਣ ਦੇ 20 ਦਿਨਾਂ ਦੇ ਅੰਦਰ ਇਸ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਕਰਨ ਦੀ ਗੱਲ ਨੂੰ ਕਬੂਲ ਕੀਤਾ ਸੀ,ਇਸ ਲਈ ਉਸ ਦੀ ਸਜ਼ਾ ਘਟਾਈ ਜਾ ਸਕਦੀ ਹੈ। AIU ਦੇ ਨਿਯਮਾਂ ਦੇ ਅਨੁਸਾਰ ਜੇਕਰ ਐਥਲੀਟ ਜਾਂ ਕੋਈ ਹੋਰ ਵਿਅਕਤੀ ਇਸ ਤਰਾਂ ਦੀ ਉਲੰਘਣਾ ਦੇ ਇਲਜ਼ਾਮਾਂ ਨੂੰ 20 ਦਿਨਾਂ ਦੇ ਅੰਦਰ ਅੰਦਰ ਸਵੀਕਾਰ ਕਰਦਾ ਹੈ ਤਾਂ ਉਸ ਨੂੰ ਇਸ ਸਜ਼ਾ ਦੀ ਮਿਆਦ ਵਿੱਚ ਇੱਕ ਸਾਲ ਦੀ ਕਟੌਤੀ ਮਿਲ ਸਕਦੀ ਹੈ।
ਕਮਲਪ੍ਰੀਤ ਕੌਰ ਭਾਰਤ ਦੀਆਂ ਚੋਟੀ ਦੀਆਂ ਐਥਲੀਟਾਂ ਵਿੱਚੋਂ ਇੱਕ ਹੈ ਅਤੇ ਉਸਨੇ ਟੋਕੀਓ ਓਲੰਪਿਕ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਪਿਛਲੇ ਸਾਲ ਜੂਨ ਵਿੱਚ 66.59 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਲੰਪਿਕ ਵਿੱਚ ਉਹ ਚੰਗਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਗੇੜ ਵਿੱਚ ਪਹੁੰਚੀ ਸੀ,ਜਿੱਥੇ ਉਹ 63.70 ਮੀਟਰ ਦੇ ਸਰਵੋਤਮ ਥਰੋਅ ਨਾਲ ਛੇਵੇਂ ਸਥਾਨ ‘ਤੇ ਰਹੀ। ਖੇਡਾਂ ਵਿੱਚ ਕਿਸੇ ਫੀਲਡ ਈਵੈਂਟ ਵਿੱਚ ਕਿਸੇ ਭਾਰਤੀ ਦਾ ਇਹ ਤੀਜਾ ਸਰਵੋਤਮ ਪ੍ਰਦਰਸ਼ਨ ਸੀ।