Punjab

ਤਰਨ ਤਾਰਨ ‘ਚ ਦਿਨ ਦਿਹਾੜੇ ਹੋਇਆ ਇਹ ਕਾਰਾ, ਦਿਲ ਦਹਿਲਾਉਣ ਵਾਲੀ CCTV ਆਈ ਸਾਹਮਣੇ

ਤਰਨਤਾਰਨ : ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕਤਲ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਸ਼ਰੇਆਮ ਵਾਪਰ ਰਹੀਆਂ ਹਨ । ਇੰਨਾਂ ਵਾਰਦਾਤਾਂ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਖੜਾ ਹੋ ਗਿਆ ਹੈ। ਤਰਨ ਤਾਰਨ-ਅੰਮ੍ਰਿਤਸਰ-ਬਠਿੰਡਾ ਕੌਮੀ ਰਾਹ ’ਤੇ ਪਿੰਡ ਦੀਨਪੁਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਦੀ ਦੋ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਲਖਬੀਰ ਸਿੰਘ ਲੰਡਾ ਪਿਛਲੇ 3-4 ਮਹੀਨੇ ਤੋਂ ਦੁਕਾਨਦਾਰ ਤੋਂ 20 ਲੱਖ ਦੀ ਫਿਰੌਤੀ ਮੰਗ ਰਿਹਾ ਸੀ ਤੇ ਪੈਸੇ ਨਾ ਮਿਲਣ ‘ਤੇ ਅੱਜ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਉਰਫ ਜੰਟਾ (32) ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਰਸੂਲਪੁਰ ਵਜੋਂ ਹੋਈ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਨੈਸ਼ਨਲ ਹਾਈਵੇ ਅਧੀਨ ਆਉਂਦੇ ਪਿੰਡ ਦੀਨਪੁਰ ਵਿਖੇ ਰੈਡੀਮੇਡ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਐੱਸਐੱਸਪੀ ਰਣਜੀਤ ਸਿੰਘ ਅਨੁਸਾਰ ਹਮਲਾਵਰਾਂ ਦੀ ਪਛਾਣ ਅਜਮੀਤ ਸਿੰਘ ਵਾਸੀ ਨੌਸ਼ਿਹਰਾ ਪੰਨੂੰਆਂ ਤੇ ਗੁਰਕੀਰਤ ਸਿੰਘ ਘੁੱਗੀ ਵਾਸੀ ਸ਼ੇਰੋਂ ਦੇ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਥਾਣਾ ਸਦਰ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਭਤੀਜੇ ਅਰਸ਼ਦੀਪ ਸਿੰਘ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਮਿਲ ਕੇ ਗੁਰਜੰਟ ਦੀ ਕਥਿਤ ਤੌਰ ’ਤੇ ਹੱਤਿਆ ਕਰਵਾਈ ਹੈ ਕਿਉਂਕਿ ਦੋਵਾਂ ਦੇ ਪਰਿਵਾਰਾਂ ਵਿਚਾਲੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਕੁਝ ਸਮਾਂ ਪਹਿਲਾਂ ਗੁਜਰਾਤ ਤੋਂ ਕਾਬੂ ਕੀਤਾ ਸੀ ਤੇ ਉਹ ਇਸ ਵੇਲੇ ਦਿੱਲੀ ਜੇਲ੍ਹ ਵਿੱਚ ਬੰਦ ਹੈ। ਵੇਰਵਿਆਂ ਅਨੁਸਾਰ ਮੰਗਲਵਾਰ ਸ਼ਾਮ ਨੂੰ ਦੋ ਮੋਟਰਸਾਈਕਲ ਸਵਾਰ ਦੁਕਾਨ ਵਿੱਚ ਦਾਖਲ ਹੋਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੁਰਜੰਟ ਦੇ ਲਗਪਗ ਇੱਕ ਦਰਜਨ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਤਰੁੰਤ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਗਈ ਸੀ ਪਰ ਇੰਨੇ ਵਿਚ ਦੋਸ਼ੀ ਫਰਾਰ ਹੋ ਚੁੱਕੇ ਸਨ। ਤਰਨਤਾਰਨ ਦੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਨ ਲੀਡਰ ਬਿਕਰਮ ਸਿੰਘ ਮਜੀਠਿਆ ਨੇ ਟਵਿਟ ਕੀਤਾ ਹੈ ਇਹ ਹੈ ‘ਬਦਲਾਵ ਵਾਲੀ’ ਆਮ ਆਦਮੀ ਸਰਕਾਰ ਦੀ ਅਮਨ-ਕਾਨੂੰਨ ਦੀ ਸਥਿਤੀ। ਤਰਨਤਾਰਨ ਵਿਖੇ ਗੈਂਗਸਟਰਾਂ ਨੂੰ ਫਿਰੌਤੀ ਦੇ ਪੈਸੇ ਦੇਣ ਤੋਂ ਇਨਕਾਰ ਕਰਨ ਕਾਰਨ ਇੱਕ ਹੋਰ ਨਿਰਦੋਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।