India

ਸਕਿਊਰਟੀ ਗਾਰਡ ਤੇ ਡਿਲਿਵਰੀ ਬੁਆਏ ਆਪਸ ‘ਚ ਭਿੜੇ , CCTV ‘ਚ ਸਾਹਮਣੇ ਆਈਆਂ ਤਸਵੀਰਾਂ

Uttar Pradesh news

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ (Uttar Pradesh) ਦੇ ਨੋਇਡਾ (Noida) ਵਿੱਚ ਇੱਕ ਹਾਊਸਿੰਗ ਸੁਸਾਇਟੀ ਵਿੱਚ ਡਿਊਟੀ ‘ਤੇ ਮੌਜੂਦ ਸੁਰੱਖਿਆ ਗਾਰਡ ਅਤੇ ਇੱਕ ਫੂਡ ਡਿਲਿਵਰੀ ਕਰਮਚਾਰੀ ਵਿਚਕਾਰ ਝਗੜਾ ਹੋ ਗਿਆ। ਖਾਣੇ ਦਾ ਆਰਡਰ ਲੈ ਕੇ ਆਏ ਜ਼ੋਮੈਟੋ ਡਿਲੀਵਰੀ ਬੁਆਏ ਅਤੇ ਸੁਰੱਖਿਆ ਗਾਰਡ ਵਿਚਾਲੇ ਸਭ ਤੋਂ ਪਹਿਲਾਂ ਸੁਸਾਇਟੀ ‘ਚ ਐਂਟਰੀ ਨੂੰ ਲੈ ਕੇ ਬਹਿਸ ਹੋ ਗਈ। ਇਸੇ ਦੌਰਾਨ ਦੋਵੇਂ ਜਣੇ ਆਪਸ ਵਿੱਚ ਭਿੜ ਗਏ।

ਜਾਣਕਾਰੀ ਅਨੁਸਾਰ ਸੈਕਟਰ 46 ਸਥਿਤ ਗਾਰਡਨੀਆ ਸੁਸਾਇਟੀ ਦੇ ਮੁੱਖ ਗੇਟ ‘ਤੇ ਲੱਗੇ ਸੀਸੀਟੀਵੀ ‘ਤੇ ਰਿਕਾਰਡ ਵੀਡੀਓ ‘ਚ ਜ਼ੋਮੈਟੋ ਦਾ ਫੂਡ ਡਿਲੀਵਰੀ ਬੁਆਏ ਸਾਬੀ ਸਿੰਘ ਅਤੇ ਸੁਰੱਖਿਆ ਗਾਰਡ ਰਾਮ ਵਿਨੈ ਸ਼ਰਮਾ ਆਪਸ ਵਿਚ ਭਿੜਦੇ ਦੇਖੇ ਜਾ ਸਕਦੇ ਹਨ। ਸੀਸੀਟੀਵੀ ਵੀਡੀਓ ਵਿੱਚ, ਡਿਲੀਵਰੀਮੈਨ ਨੇ ਨੋਇਡਾ ਹਾਊਸਿੰਗ ਸੁਸਾਇਟੀ ਦੇ ਪ੍ਰਵੇਸ਼ ਦੁਆਰ ‘ਤੇ ਗਾਰਡ ਨੂੰ ਮੁੱਕਾ ਮਾਰਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ। ਹਮਲੇ ਵਿੱਚ ਡਿਲੀਵਰੀ ਬੁਆਏ ਨੂੰ ਵੀ ਸੱਟਾਂ ਲੱਗੀਆਂ ਹਨ।

ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੁਲਸ ਨੇ ਡਿਲੀਵਰੀ ਬੁਆਏ ਅਤੇ ਗਾਰਡ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੋਵਾਂ ਨੂੰ ਆਈਪੀਸੀ ਦੀ ਧਾਰਾ 151 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਨੋਇਡਾ ਪੁਲਿਸ ਦੇ ਅਨੁਸਾਰ, ਜ਼ੋਮੈਟੋ ਨਾਲ ਸਬੰਧਤ ਇੱਕ ਡਿਲੀਵਰੀ ਬੁਆਏ ਇੱਕ ਹਾਊਸਿੰਗ ਸੋਸਾਇਟੀ ਵਿੱਚ ਖਾਣਾ ਡਿਲੀਵਰ ਕਰਨ ਲਈ ਗਿਆ ਸੀ, ਜਿੱਥੇ ਸੁਰੱਖਿਆ ਗਾਰਡ ਨੇ ਉਸਨੂੰ ਅੰਦਰ ਨਹੀਂ ਜਾਣ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਝੜਪ ਹੋ ਗਈ। ਦੋਵਾਂ ਨੂੰ ਆਈਪੀਸੀ ਦੀ ਧਾਰਾ 151 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨੋਇਡਾ ਤੋਂ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਤਿੰਨ ਸ਼ਰਾਬੀ ਔਰਤਾਂ ਨੇ ਇੱਕ ਸੁਰੱਖਿਆ ਕਰਮਚਾਰੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਘਟਨਾ ਸ਼ੁੱਕਰਵਾਰ ਰਾਤ ਕਰੀਬ 2 ਵਜੇ ਵਾਪਰੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਫੇਜ਼ ਤਿੰਨ ਕੋਤਵਾਲੀ ਦੀ ਪੁਲਿਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਨੂੰ ਹਿਰਾਸਤ ‘ਚ ਲੈ ਲਿਆ ਸੀ।