Punjab

ਜ਼ਿੰਦਾ ਪੁੱਤ ਦੇ ਰੂਪ ‘ਚ ਸਿਰਫ Recorded Songs ਹੀ ਬਚੇ, ਇਹ ਵੀ ਸਾਡੇ ਤੋਂ ਨਾ ਖੋਹੋ; ਮੂਸੇਵਾਲਾ ਦੇ ਪਿਤਾ ਦੀ ਗੁਹਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Father Balkaur Singh) ਨੇ ਸਾਰੇ ਲੋਕਾਂ ਵਾਸਤੇ ਇੱਕ ਖ਼ਾਸ ਅਪੀਲ (Request) ਭੇਜੀ ਹੈ। ਪਿਤਾ ਬਲਕੌਰ ਸਿੰਘ ਨੇ ਲੋਕਾਂ ਅੱਗੇ ਆਪਣੇ ਪੁੱਤਰ ਦੇ ਰਿਕਾਰਡ ਕੀਤੇ ਹੋਏ ਗਾਣਿਆਂ (Recorded Songs) ਦੇ ਲੀਕ ਹੋਣ ਬਾਰੇ ਜਾਣਕਾਰੀ ਦਿੰਦਿਆਂ ਬੇਨਤੀ ਕੀਤੀ ਕਿ ਜੋ ਵੀ ਉਨ੍ਹਾਂ ਦੇ ਪੁੱਤਰ ਦੇ ਗਾਣੇ ਲੀਕ ਕਰ ਰਿਹਾ ਹੈ, ਉਸ ਬਾਰੇ ਪਤਾ ਲਗਾਇਆ ਜਾਵੇ, ਇਸਦੇ ਪਿੱਛੇ ਉਸਦਾ ਮਕਸਦ ਕੀ ਹੈ ? ਪਿਤਾ ਬਲਕੌਰ ਸਿੰਘ ਨੇ ਦੋਸ਼ੀ ਨੂੰ ਲੱਭਣ ਵਿੱਚ ਉਨ੍ਹਾਂ ਦਾ ਸਹਿਯੋਗ ਮੰਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਹਾਨੂੰ ਕਿਤੇ ਵੀ ਅਜਿਹਾ ਸ਼ਰਾਰਤੀ ਅਨਸਰ ਦਿਸਦਾ ਹੈ, ਤਾਂ ਤੁਸੀਂ ਵੀ ਉਸਨੂੰ ਖਿੱਚੋ ਅਤੇ ਸਾਡੇ ਵੀ ਧਿਆਨ ਵਿੱਚ ਲਿਆਉ।

ਪਿਤਾ ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਰਿਵਾਰ ਪਹਿਲਾਂ ਹੀ ਬਹੁਤ ਵੱਡੀ ਬਿਪਤਾ ਵਿੱਚੋਂ ਦੀ ਨਿਕਲ ਰਿਹਾ ਹੈ। ਸਾਡੇ ਕੋਲ ਆਪਣੇ ਬੇਟੇ ਨੂੰ ਜਿੰਦਾ ਰੱਖਣ ਦੇ ਲਈ ਉਸਦੇ ਰਿਕਾਰਡ ਹੋਏ ਗਾਣੇ, ਉਸਦਾ ਲਿਖਿਆ ਹੋਇਆ ਮੈਟਰ (Matter) ਹੀ ਬਚਿਆ ਹੋਇਆ ਹੈ। ਜੇ ਉਹ ਵੀ ਤੁਸੀਂ ਲੀਕ ਕਰਕੇ ਖਰਾਬ ਕਰ ਦਿਉਗੇ ਤਾਂ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੁਝ ਫਿਲਮ ਨਿਰਮਾਤਾਵਾਂ ਵੱਲੋਂ ਸਾਡੀ ਬਿਨਾਂ ਇਜ਼ਾਜਤ ਤੋਂ ਫਿਲਮਾਂ ਦੇ ਨਾਂ, ਸਾਡੇ ਗਾਣੇ ਰੱਖ ਲਏ ਜਾਂਦੇ ਹਨ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਜੇ ਉਹ ਸਾਡੇ ਗਾਣਿਆਂ ਦਾ ਇਸਤੇਮਾਲ ਕਰਨਾ ਵੀ ਚਾਹੁੰਦੇ ਹਨ ਤਾਂ ਪਰਿਵਾਰ ਦੀ ਪ੍ਰਵਾਨਗੀ ਜ਼ਰੂਰ ਲਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਤਾਇਆ ਨਾ ਜਾਵੇ, ਅਸੀਂ ਸ਼ਾਂਤੀ ਦੇ ਨਾਲ ਸਮਾਂ ਬਤੀਤ ਕਰਨਾ ਚਾਹੁੰਦੇ ਹਾਂ।