Punjab

ਗੈਂਗਸਟਰ ਸ਼ੱਕੀ ਹਾਲਾਤਾਂ ਵਿੱਚ ਫਰਾਰ,ਪੰਜਾਬ ਪੁਲਿਸ ਦੀ Press conference

 ਮਾਨਸਾ :  ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋ ਜਾਣ ਤੋਂ ਬਾਅਦ ਪੰਜਾਬ ਪੁਲਿਸ ਮੁਸਤੈਦ ਹੋ ਗਈ ਹੈ ਤੇ ਇਸ ਮਾਮਲੇ ਵਿੱਚ ਪੁਲਿਸ ਦੀ ਪਹਿਲੀ ਕਾਰਵਾਈ ਸੀਆਈਏ ਸਟਾਫ ਇੰਚਾਰਜ ‘ਤੇ ਹੋਈ ਹੈ। ਉਸ ਨੂੰ ਬਰਖਾਸਤ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਮਾਨਸਾ ਪੁਲਿਸ ਨੇ ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ,ਜਿਸ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਗੁਰਮੀਤ ਸਿੰਘ ਚੋਹਾਨ ਤੇ ਐਸਐਸਪੀ ਮਾਨਸਾ ਗੋਰਵ ਤੂਰਾ ਨੇ ਸਾਂਝੇ ਤੋਰ ‘ਤੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਦੀਪਕ ਟੀਨੂੰ ਨੂੰ ਸਰਦੂਲਗੜ ਵਿੱਖੇ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਮਾਨਸਾ ਲਿਆਂਦਾ ਗਿਆ ਸੀ ਤੇ ਸੀਆਈਏ ਮਾਨਸਾ ਵਿੱਚ ਲਿਆਂਦਾ ਗਿਆ ਸੀ।

ਐਸਐਸਪੀ ਮਾਨਸਾ ਨੇ ਦੱਸਿਆ ਕਿ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲੀ ਸੀ ਕਿ ਇਸ ਨੂੰ ਸੀਆਈਏ ਸਟਾਫ ਇੰਚਾਰਜ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਗਏ ਸੀ ਤੇ ਫਿਰ ਇਹ ਫਰਾਰ ਹੋ ਗਿਆ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਇੰਚਾਰਜ ਤੇ ਦੀਪਕ ਟੀਨੂੰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।  ਸੀਆਈਏ ਸਟਾਫ ਇੰਚਾਰਜ ਨੂੰ ਬਰਖ਼ਾਸਤ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਐਸਐਸਪੀ ਮਾਨਸਾ ਨੇ ਦੱਸਿਆ ਕਿ ਇਸ ਗੈਂਗਸਟਰ ਨੂੰ ਲੈ ਕੇ ਜਾਣ ਵਾਸਤੇ ਕੋਈ ਸੂਚਨਾ ਨਹੀਂ ਸੀ ਤੇ ਨਾਂ ਹੀ ਇਸ ਦੀ ਇਜਾਜ਼ਤ ਲਈ ਗਈ ਸੀ ਤੇ ਮੁਲਜ਼ਮ ਦੇ ਫਰਾਰ ਹੋਣ ਬਾਰੇ ਵੀ ਕਾਫੀ ਦੇਰ ਬਾਅਦ ਪਤਾ ਲੱਗਿਆ ਸੀ। ਇਸ ਦੀ ਸੂਚਨਾ ਮਿਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਗੁਰਮੀਤ ਸਿੰਘ ਚੋਹਾਨ ,ਐਂਟੀ ਗੈਂਗਸਟਰ ਟਾਸਕ ਫੋਰਸ ਮੁਖੀ,ਗੌਰਵ ਤੂਰਾ ਐਸਐਸਪੀ ਮਾਨਸਾ ਤੇ ਹੋਰ ਪੁਲਿਸ ਅਧਿਕਾਰੀ

ਇਸ ਸਬੰਧ ਵਿੱਚ ਪੁਲਿਸ ਟੀਮ ਮੌਕੇ ‘ਤੇ ਜਾ ਕੇ ਜਾਂਚ ਕਰ ਰਹੀ ਹੈ। ਜਿਵੇਂ ਹੀ ਮੁੱਢਲੇ ਤੱਥ ਸਾਹਮਣੇ ਆਏ,ਪੁਲਿਸ ਹਰਕਤ ਵਿੱਚ ਆ ਗਈ। ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਕੇਸ ਵਿੱਚ ਚੰਗਾ ਕੰਮ ਵੀ ਹੋਇਆ ਹੈ,ਸਾਰੇ ਮੁਲਜ਼ਮ ਜੇਲ੍ਹ ਵਿੱਚ ਹਨ।

ਸਵੇਰ ਤੋਂ ਅਲੱਗ ਅਲੱਗ ਤਰਾਂ ਨਾਲ ਫੈਲ ਰਹੀਆਂ ਅਫਵਾਹਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਇਸ ਸਭ ਦੀ ਜਾਂਚ ਕੀਤੀ ਜਾ ਰਹੀ ਹੈ ਤੇ  ਅੱਗੇ ਤੋਂ ਕਿਸੇ ਵੀ ਘਟਨਾ ਬਾਰੇ ਮੀਡੀਆ ਨੂੰ ਸਹੀ ਜਾਣਕਾਰੀ ਸਮੇਂ ਸਿਰ ਦਿੱਤੀ ਜਾਵੇਗੀ। ਐਨਕਾਉਂਟਰ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਆਤਮ ਰੱਖਿਆ ਜਾਂ ਮੌਕੇ ਮੁਤਾਬਕ ਕਾਰਵਾਈ ਤਾਂ ਕਰਨੀ ਪੈਂਦੀ ਹੈ ।

ਪ੍ਰੈਸ ਨੋਟ

ਇਸ ਮੌਕੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਇਹ ਦੱਸਿਆ ਗਿਆ ਹੈ ਕਿ ਗੈਂਗਸਟਰ ਦੀਪਕ ਟੀਨੂੰ ਸੀਆਈਏ ਸਟਾਫ ਦੇ ਮੁਖੀ ਦੀ ਹਿਰਾਸਤ ਵਿੱਚੋਂ ਰਾਤ ਦੇ ਵੇਲੇ ਫਰਾਰ ਹੋਇਆ ਹੈ। ਜਿਸ ਕਾਰਨ ਮੁਖੀ ਦੀ ਜਵਾਬਦੇਹੀ ਬਣਦੀ ਹੈ ਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਗ੍ਰਿਫ਼ਤਾਰ ਕਰ ਗਿਆ ਗਿਆ ਹੈ। ਇਸ ਤੋਂ ਇਲਾਵਾ ਦੀਪਕ ਟੀਨੂੰ ਦੀ ਭਾਲ ਵਿੱਚ ਪੁਲਿਸ ਨੇ ਕਾਰਵਾਈ ਤੇਜ ਕਰ ਦਿੱਤੀ ਹੈ।