ਪੰਜਾਬ (punjab) ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ (Robbery incidents)ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿਥੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ(Gurdwara Sri Fatehgarh Sahib) ਵਿਖੇ ਮੱਥਾ ਟੇਕਣ ਆਈ ਔਰਤ ਦੀ ਸੋਨੇ ਦੀ ਚੂੜੀ ਕੱਟ ਕੇ ਫਰਾਰ ਹੋ ਗਈਆਂ। ਜਿਸ ਤੋਂ ਬਾਅਦ ਫਰਾਰ ਹੋਈਆਂ ਔਰਤਾਂ ਨੂੰ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ 55 ਸਾਲਾ ਔਰਤ ਗੁਰਜੀਤ ਕੌਰ ਵਾਸੀ ਪਿੰਡ ਪੰਜੋਖਰਾ ਸਾਹਿਬ (ਹਰਿਆਣਾ) ਨੇ ਸਥਾਨਕ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਇੱਕ ਰਿਸ਼ਤੇਦਾਰ ਔਰਤ ਨਾਲ ਗੁਰਦੁਆਰੇ ਮੱਥਾ ਟੇਕਣ ਆਈ ਸੀ ਤੇ ਜਦੋਂ ਉਹ ਟੋਡਰ ਮੱਲ ਹਾਲ ਕੋਲੋਂ ਲੰਘ ਕੇ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਦੋ ਔਰਤਾਂ ਨੇ ਘੇਰ ਲਿਆ ਜਿਨਾਂ ਵਿੱਚੋਂ ਕਾਲੇ ਸੂਟ ਵਾਲੀ ਔਰਤ ਡੱਬ ’ਚੋਂ ਕਿਰਚ ਨੁਮਾ ਚੀਜ਼ ਕੱਢ ਕੇ ਉਸ ਨੂੰ ਡਰਾਉਣ ਲੱਗ ਪਈ ਤੇ ਉਸ ਦੀ ਸਾਥਣ ਨੇ ਕਟਰ ਨਾਲ ਉਸ ਦੀ ਬਾਂਹ ’ਚ ਪਾਈ ਸੋਨੇ ਦੀ ਚੂੜੀ ਕੱਟ ਲਈ ਜਿਸ ਉਪਰੰਤ ਉਕਤ ਦੋਵੇਂ ਔਰਤਾਂ ਤੇਜ਼ੀ ਨਾਲ ਉੱਥੋਂ ਚਲੀਆਂ ਗਈਆਂ।
ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਕਥਿਤ ਔਰਤਾਂ ਪ੍ਰਕਾਸ਼ੋ ਉਰਫ ਭਾਨੀ ਉਰਫ ਅੱਕੀ ਵਾਸੀ ਪਿੰਡ ਰੋਹਟੀ ਥਾਣਾ ਨਾਭਾ ਅਤੇ ਸੱਤਿਆ ਵਾਸੀ ਪਿੰਡ ਲੰਗੜੋਈ (ਪਟਿਆਲਾ) ਨੂੰ ਗ੍ਰਿਫਤਾਰ ਕਰ ਲਿਆ ਤੇ ਉਕਤ ਔਰਤਾਂ ਦੇ ਕਬਜ਼ੇ ’ਚੋਂ ਇੱਕ ਸੋਨੇ ਦੀ ਚੂੜੀ, ਇੱਕ ਕਿਰਚ ਅਤੇ ਇੱਕ ਕਟਰ ਵੀ ਬਰਾਮਦ ਕਰ ਲਿਆ ਗਿਆ।