Punjab

ਆਪ’ ਨੇ ਵਿਧਾਇਕਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਪੈਸਿਆਂ ਦੀ ਪੇਸ਼ਕਸ਼ ਸੰਬੰਧੀ ਡੀਜੀਪੀ ਨੂੰ ਦਿੱਤੀ ਸ਼ਿਕਾਇਤ 

‘ਆਪ’ ਵਿਧਾਇਕਾਂ ਨਾਲ ਸੰਪਰਕ ਕਰਨ ਵਾਲੇ ਭਾਜਪਾ ਆਗੂਆਂ ਤੇ ਏਜੰਟਾਂ ਖ਼ਿਲਾਫ਼ ਸਾਡੇ ਕੋਲ ਹਨ ਸਾਰੇ ਸਬੂਤ: ਹਰਪਾਲ ਚੀਮਾ

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਡੇਗਣ ਦੀ ਭਾਜਪਾ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ‘ਆਪ’ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਜਪਾ ਲੋਕਤੰਤਰ ਦੀ ‘ਸੀਰੀਅਲ ਕਿਲਰ’ ਪਾਰਟੀ ਹੈ ਜੋ ‘ਆਪ੍ਰੇਸ਼ਨ ਲੋਟਸ’ ਤਹਿਤ ਰਾਜਾਂ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਡੇਗਦੀ ਹੈ।

ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਦੂਰਵਰਤੋਂ ਕਰਕੇ ਅਤੇ ਪੈਸੇ ਦੇ ਕੇ ਵੱਖ-ਵੱਖ ਰਾਜਾਂ ਵਿੱਚ ਲੋਕਾਂ ਦੇ ਫ਼ਤਵੇ ਅਨੁਸਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਢਾਹ-ਢੇਰੀ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ ਅਤੇ ਪੰਜਾਬ ਵਿੱਚ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ‘ਆਪ’ ਦੇ ਕੱਟੜ ਸਿਪਾਹੀਆਂ ਨੇ ਭਾਜਪਾ ਨੂੰ ਨਾਕਾਮ ਕਰ ਦਿੱਤਾ ਹੈ।

 

ਚੀਮਾ ਨੇ ਕਿਹਾ ਕਿ ਭਾਜਪਾ ਪਾਰਟੀ ਦੀਆਂ ਨਾਪਾਕ ਚਾਲਾਂ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ‘ਆਪ’ ਵਿਧਾਇਕਾਂ ਨਾਲ ਮਿਲ ਕੇ ਇਸ ਗੰਭੀਰ ਮਾਮਲੇ ਦੀ ਨਿਰਪੱਖ ਜਾਂਚ ਲਈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੂੰ ਸਬੂਤਾਂ ਸਮੇਤ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ।
‘ਆਪ ਆਗੂਆਂ ਨੇ ਪੰਜਾਬ ਦੇ 10 ਤੋਂ ਵੱਧ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਕਈ ਲੋਕਾਂ ਨੂੰ ਉਨ੍ਹਾਂ (ਭਾਜਪਾ) ਦੇ ਮਾੜੇ ਅਤੇ ਲੋਕਤੰਤਰ ਵਿਰੋਧੀ ਏਜੰਡਿਆਂ ਦਾ ਪਰਦਾਫਾਸ਼ ਕਰਨ ਲਈ ਜਾਨਲੇਵਾ ਧਮਕੀਆਂ ਦੇਣ ਲਈ ਭਾਜਪਾ ਨੇਤਾਵਾਂ ਅਤੇ ਏਜੰਟਾਂ ਵਿਰੁੱਧ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ।

ਹਰਪਾਲ ਸਿੰਘ ਚੀਮਾ,ਵਿੱਤ ਮੰਤਰੀ ਪੰਜਾਬ

ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਭਾਜਪਾ ਵਰਕਰਾਂ ਅਤੇ ਏਜੰਟਾਂ ਨੇ ਪੰਜਾਬ ਵਿੱਚ ਸਰਕਾਰ ਡੇਗਣ ਲਈ ‘ਆਪ’ ਦੇ 35 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ।

ਹਰਪਾਲ ਚੀਮਾ ਅਨੁਸਾਰ ਭਾਜਪਾ ‘ਆਪ’ ਅਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਤੋਂ ਹੈਰਾਨ ਹੈ ਅਤੇ ਕੇਂਦਰ ਦੀ ਸੱਤਾਧਾਰੀ ਪਾਰਟੀ ਸਿਰਫ਼ ਕੇਜਰੀਵਾਲ ਤੋਂ ਡਰਦੀ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਭਾਜਪਾ ਵੱਲੋਂ ‘ਹੋਰਸ-ਟ੍ਰੇਡਿੰਗ ਚੱਲ ਰਹੀ ਹੈ। ਭਾਜਪਾ ਨੇ ਆਪਣੇ ‘ਆਪਰੇਸ਼ਨ ਲੋਟਸ’ ਤਹਿਤ ਪਹਿਲਾਂ ਹੀ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰਆ ਤੇ ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰਾਂ ਬਦਲੀਆਂ ਹਨ।

ਚੀਮਾ ਨੇ ਕਿਹਾ, “ਆਪ੍ਰੇਸ਼ਨ ਲੋਟਸ ਰਾਹੀਂ ਅੱਜ ਹੀ ਕਾਂਗਰਸ ਦੇ ਅੱਠ ਵਿਧਾਇਕ ਵਿਕ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ ਅਤੇ ਗੈਰ-ਸੱਤਾਧਾਰੀ ਭਾਜਪਾ ਰਾਜਾਂ ਵਿੱਚ ਸੀਬੀਆਈ, ਈਡੀ ਅਤੇ ਪੈਸੇ ਦੀ ਮਦਦ ਨਾਲ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾ ਰਹੀ ਹੈ।”

ਉਨ੍ਹਾਂ ਦੁਹਰਾਇਆ ਕਿ ਭਾਜਪਾ ਪੰਜਾਬ ਵਿੱਚ ਆਪਣੇ ਕੋਝੇ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ ਭਾਵੇਂ ਉਹ 25 ਦੀ ਥਾਂ 2500 ਕਰੋੜ ਰੁਪਏ ਦੀ ਪੇਸ਼ਕਸ਼ ਕਰ ਦੇਵੇ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਦੇ ਵਫ਼ਾਦਾਰ ਸਿਪਾਹੀ ਚੱਟਾਨ ਵਾਂਗ ਖੜ੍ਹੇ ਹਨ।