‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਲਈ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਐਸਜੀਪੀਸੀ ਚੋਣਾਂ ਪਿੱਛੇ ਨਾ ਬੀਜੇਪੀ ਦਾ ਹੱਥ ਹੈ ਅਤੇ ਨਾ ਹੀ ਆਰਐਸਐਸ ਇਸ ਪਿੱਛੇ ਹੈ। ਸਰਕਾਰ ਨੇ ਇਸ ਲਈ ਬਾਕਾਇਦਾ ਚੋਣ ਕਮਿਸ਼ਨ ਨਿਯੁਕਤ ਕੀਤਾ ਹੋਇਆ ਹੈ ਅਤੇ ਚੋਣ ਕਮਿਸ਼ਨ ਇੱਕ ਜਾਣੀ ਮਾਨੀ ਹਸਤੀ ਹੈ, ਜਿਨ੍ਹਾਂ ਦੇ ਹੱਥ ਹੀ ਚੋਣਾਂ ਕਰਵਾਉਣ ਦਾ ਮਾਮਲਾ ਹੈ। ਉਨ੍ਹਾਂ ਨੇ ਸਿਮਰਨਜੀਤ ਮਾਨ ਨੂੰ ਕੋਈ ਵੀ ਜਵਾਬ ਨਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਦਾ ਕੀ ਜਵਾਬ ਦਿੱਤਾ ਜਾਵੇ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਿਮਰਨਜੀਤ ਮਾਨ ਦੀ ਕੀ ਗੱਲ ਕਰਨੀ, ਉਹ ਤਾਂ ਉਂਝ ਹੀ ਊਲ ਜਲੂਲ ਬੋਲਦੇ ਰਹਿੰਦੇ ਹਨ।
ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਿਮਰਨਜੀਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਮਾਨ ਨੂੰ ਕੋਈ ਫੋਬੀਆ ਹੋ ਗਿਆ ਹੈ। ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਬੀਜੇਪੀ ਜਾਂ ਆਰਐੱਸਐੱਸ ਦਾ ਕੀ ਤਾਲੁਕ ਹੈ, ਸਾਨੂੰ ਇਸਦਾ ਕੀ ਲਾਭ ਮਿਲਣਾ ਹੈ। ਸਿੱਖ ਜਗਤ ਨੂੰ ਇਸ ਮਸਲੇ ਦਾ ਫੈਸਲਾ ਲੈਣਾ ਚਾਹੀਦਾ ਹੈ। ਮਾਨ ਦੀਆਂ ਗੱਲਾਂ ਦਾ ਕੋਈ ਆਧਾਰ ਹੋਣਾ ਚਾਹੀਦਾ ਹੈ, ਮੈਂ ਉਨ੍ਹਾਂ ਬਾਰੇ ਕੁਝ ਵੀ ਕਹਾਂ, ਚੰਗਾ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੀ ਉਮਰ ਵੀ ਬਹੁਤ ਹੈ।