Punjab

ਮੱਤੇਵਾੜਾ ਨੇੜੇ ਪਾਰਕ ਬਣਾਉਣ ਦਾ ਝੂਠ ਬੋਲਿਆ, ਗੁੰਮਰਾਹ ਕਰਕੇ ਸਾਡੀ 407 ਏਕੜ ਜ਼ਮੀਨ ‘ਤੇ ਡਾਕਾ ਮਾਰਿਆ: ਸਰਪੰਚ

‘ਦ ਖ਼ਾਲਸ ਬਿਊਰੋ:- ਮੱਤੇਵਾੜਾ ਜੰਗਲਾਂ ਨੇੜਲੇ ਤਿੰਨ ਪਿੰਡਾਂ ਦੀ ਪੰਚਾਇਤੀ ਜ਼ਮੀਨ ਗ੍ਰਹਿਣ ਕਰ ਕੇ ਸਰਕਾਰ ਵੱਲੋਂ ਸਨਅਤੀ ਪਾਰਕ ਬਣਾਉਣ ਦਾ ਮਾਮਲਾ ਭਖ਼ ਗਿਆ ਹੈ। ਪਿੰਡ ਸੇਖੋਵਾਲ ਦੀ ਸਰਪੰਚ ਅਮਰੀਕ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਥੇ ਪਾਰਕ ਬਣਾਉਣ ਦੀ ਗੱਲ ਆਖੀ ਸੀ, ਜਿੱਥੇ ਵਿਦੇਸ਼ਾਂ ਤੋਂ ਲੋਕਾਂ ਨੇ ਘੁੰਮਣ ਆਉਣਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਜ਼ਮੀਨ ’ਤੇ ਸਨਅਤ ਲੱਗੇਗੀ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਘੱਟ ਪੜ੍ਹੇ-ਲਿਖੇ ਹੋਣ ਦਾ ਫਾਇਦਾ ਉਠਾਇਆ ਹੈ। ਉਨ੍ਹਾਂ ਆਖਿਆ ਕਿ ਪੰਚਾਇਤ ਨੂੰ ਗੁਮਰਾਹ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

 

ਪਿੰਡ ਦੀ ਇਕ ਪੰਚਾਇਤ ਮੈਂਬਰ ਨੇ ਦੋਸ਼ ਲਾਇਆ ਕਿ ਉਸ ਨੂੰ ਇਹ ਕਿਹਾ ਗਿਆ ਸੀ ਕਿ 200 ਏਕੜ ਜ਼ਮੀਨ ਗ੍ਰਹਿਣ ਕਰਨੀ ਹੈ ਜਦਕਿ ਗ੍ਰਹਿਣ 407 ਏਕੜ ਜ਼ਮੀਨ ਕੀਤੀ ਗਈ। ਸਰਪੰਚ ਅਮਰੀਕ ਕੌਰ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਨਾਲ ਹਨ ਅਤੇ ਜੇਕਰ ਲੋਕ 200 ਏਕੜ ਜ਼ਮੀਨ ਨਹੀਂ ਦੇਣਾ ਚਾਹੁੰਦੇ ਤਾਂ ਉਹ ਮੁੜ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕਰ ਕੇ ਇਸ ਸਬੰਧੀ ਜਾਣੂ ਕਰਵਾਉਣਗੇ। ਇਸ ਮਤੇ ’ਤੇ ਸਾਰੇ ਪੰਚਾਇਤ ਮੈਂਬਰਾਂ ਦੇ ਦਸਤਖ਼ਤ ਹਨ, ਜਿਨ੍ਹਾਂ ਨੇ ਸਰਬਸੰਮਤੀ ਨਾਲ ਜ਼ਮੀਨ ਐਕੁਆਇਰ ਕਰਨ ਦਾ ਮਤਾ ਪਾਇਆ ਪਰ ਦੋਸ਼ ਲਾਉਣ ਵਾਲੀ ਇੱਕ ਪੰਚਾਇਤ ਮੈਂਬਰ ਨੇ ਕਿਹਾ ਕਿ ਮਤੇ ’ਤੇ ਉਹਨਾਂ ਦੇ ਦਸਤਖ਼ਤ ਨਹੀਂ ਹਨ।