India

‘ਕੇਜਰੀਵਾਲ’ ਦੀ ‘5 ਸਟਾਰ’ ਸਿਆਸਤ ! CM ਮਾਨ ਨੇ 3 ਘੰਟੇ ਠਹਿਰਾਉਣ ਲਈ ਹੋਟਲ ‘ਤੇ ਖਰਚੇ 2.18 ਲੱਖ

ਬਿਊਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦਾ ਪੰਜਾਬ ਵਿੱਚ ‘Five star’ ਕਲਚਰ ਇੱਕ ਵਾਰ ਮੁੜ ਤੋਂ ਸੁਰਖੀਆ ਵਿੱਚ ਹੈ। ਅੰਮ੍ਰਿਤਸਰ ਵਿੱਚ ਪੰਜਾਬ ਚੋਣਾਂ ਜਿੱਤਣ ਤੋਂ ਬਾਅਦ ਕੱਢੇ ਗਏ ਰੋਡ ਸ਼ੋਅ ਨੂੰ ਲੈ ਕੇ ਪਹਿਲਾਂ ਹੀ ਕਾਂਗਰਸ ਭਗਵੰਤ ਮਾਨ ਸਰਕਾਰ ਤੋਂ ਖਰਚੇ ਨੂੰ ਲੈਕੇ ਸਵਾਲ ਚੁੱਕ ਰਹੀ ਸੀ। ਹੁਣ RTI ਦੇ ਇੱਕ ਹੋਰ ਖੁਲਾਸੇ ਨੇ ਆਪ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। RTI ਕਾਰਜਕਰਤਾ ਜਸਪਾਲ ਮਾਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ 15 ਜੂਨ ਨੂੰ ਜਦੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜਲੰਧਰ ਵਿੱਚ ਦਿੱਲੀ AIRPORT ਬੱਸ ਸੇਵਾ ਦਾ ਉਦਘਾਟਨ ਕਰਨ ਪਹੁੰਚੇ ਸਨ ਤਾਂ ਉਨ੍ਹਾਂ ਦੇ 3 ਘੰਟੇ ਦੇ ਹੋਟਲ ਦਾ ਖਰਚਾ 2 ਲੱਖ 18 ਹਜ਼ਾਰ ਆਇਆ ਸੀ। ਹਾਲਾਂਕਿ, ਸ਼ਹਿਰ ਵਿੱਚ ਸਰਕਿਟ ਹਾਊਸ ਦੀ ਸੁਵਿਧਾ ਮੌਜੂਦ ਸੀ ਪਰ ਇਸ ਦੇ ਬਾਵਜੂਦ ਕੇਜਰੀਵਾਲ ਲਈ ਮਹਿੰਗਾ ਹੋਟਲ ਬੁੱਕ ਕੀਤਾ ਗਿਆ। ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਨੇ ਵੀ ਟਵੀਟ ਕਰਕੇ ਆਪ ‘ਤੇ ਤੰਜ ਕੱਸਿਆ ਹੈ।

ਇਸ ਤਰ੍ਹਾਂ ਖਰਚ ਹੋਏ 2.18 ਲੱਖ

15 ਜੂਨ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜਲੰਧਰ ਤੋਂ ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚੱਲਣ ਵਾਲੀ ਬੱਸ ਸੇਵਾ ਨੂੰ ਹਰੀ ਝੰਡੀ ਵਿਖਾਉਣੀ ਸੀ। RTI ਤੋਂ ਮਿਲੀ ਜਾਣਕਾਰੀ 3 ਘੰਟੇ ਰੁਕਣ ਦੇ ਲਈ 6 ਕਮਰੇ ਬੁੱਕ ਕਰਵਾਏ ਗਏ ਸਨ, ਜਿਨ੍ਹਾਂ ਦਾ ਕੁੱਲ ਕਿਰਾਇਆ 1.37 ਲੱਖ ਸੀ। ਇਸ ਤੋਂ ਇਲਾਵਾ 38 ਲੰਚ ‘ਤੇ 80,712 ਰੁਪਏ ਖਰਚ ਕੀਤੇ ਗਏ। AAP ਦੇ ਦਿੱਲੀ ਆਗੂ ਰਾਮ ਕੁਮਾਰ ਝਾਅ ਦੇ ਰੁਕਣ ‘ਤੇ 50,902 ਰੁਪਏ ਖਰਚ ਕੀਤੇ ਗਏ। 17788 ਰੁਪਏ ਕੇਜਰੀਵਾਲ ਦੇ ਕਮਰੇ ਦੀ ਰੂਮ ਸਰਵਿਸ ‘ਤੇ ਖਰਚ ਹੋਏ। 22,836 ਰੁਪਏ ਸੀਐੱਮ ਮਾਨ ਦੀ ਰੂਮ ਸਰਵਿਸ ‘ਤੇ ਖਰਚ ਹੋਏ। 15460 ਰੁਪਏ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਰੂਮ ‘ਤੇ ਖ਼ਰਚ ਹੋਏ। 22416 ਰੁਪਏ ਪ੍ਰਕਾਸ਼ ਝਾ, 8062 ਰੁਪਏ ਕੇਜਰੀਵਾਲ ਦੇ ਪਰਸਨਲ ਸਕੱਤਰ ਦੀ ਰੂਮ ਸਰਵਿਸ ਦੇ ਬਦਲੇ ਚਾਰਜ ਕੀਤੇ ਗਏ। ਉਧਰ ਜਲੰਧਰ ਪ੍ਰਸ਼ਾਸਨ ਕੋਲ ਬਿਲ ਪਹੰਚ ਗਿਆ ਹੈ। ਜਲੰਧਰ ਦੇ DC ਜਸਪ੍ਰੀਤ ਸਿੰਘ ਕੋਲੋ ਜਦੋਂ ਪੁੱਛਿਆ ਗਿਆ ਕਿ ਸਰਕਟ ਹਾਊਸ ਹੋਣ ਦੇ ਬਾਵਜੂਦ ਆਖਿਰ ਮਹਿੰਗਾ ਹੋਟਲ ਕਿਉਂ ਬੁੱਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਜੁਲਾਈ ਵਿੱਚ ਪੋਸਟਿੰਗ ਹੋਈ ਹੈ। ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਉਹ ਇਸ ‘ਤੇ ਕੋਈ ਟਿੱਪਣੀ ਕਰ ਸਕਦੇ ਹਨ।

ਆਪ ਦਾ ਬਿਆਨ

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਟ ਹਾਊਸ ਦੀ ਥਾਂ ਹੋਟਲ ਕਿਉਂ ਬੁੱਕ ਕੀਤਾ ਗਿਆ ਸੀ, ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਉਹ ਟਿੱਪਣੀ ਕਰਨਗੇ। ਉੱਧਰ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਨੇ ਕੇਜਰੀਵਾਲ ‘ਤੇ ਖਰਚ ਹੋਏ ਪੈਸੇ ਨੂੰ ਲੈ ਕੇ ਤੰਜ ਜ਼ਰੂਰ ਕੱਸਿਆ ਹੈ।

AAP leader malwinder singh Kang

ਪਰਗਟ ਸਿੰਘ ਨੇ ਚੁੱਕਿਆ ਸਵਾਲ

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ‘ਅਖੌਤੀ ਆਮ ਆਦਮੀ ਪਾਰਟੀ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਸਲੀਅਤ,ਦਿੱਲੀ ਬੱਸ ਸੇਵਾ ਨੂੰ ਝੰਡੀ ਦੇਣ ਦਾ ਡਰਾਮਾ ਕਰਨ ਆਏ ਕੇਜਰੀਵਾਲ ਅਤੇ ਉਸ ਦੇ 2 ਸਾਥੀ ਦਾ 4 ਸਟਾਰ ਵਿੱਚ ਰੁਕਣ ਦਾ ਖਰਚ 2.18 ਲੱਖ, ਜਿਸ ਦਾ ਬੋਝ ਪੰਜਾਬ ਦੇ ਖ਼ਜ਼ਾਨੇ ‘ਤੇ ਪੈਣਾ ਹੈ, ਕੀ ਆਮ ਆਦਮੀ ਪਾਰਟੀ ਹੁਣ ਹਰ ਰੋਜ਼ ਕੁਝ ਘੰਟੇ ਰੁਕਣ ਲਈ ਇੰਝ ਲੱਖਾਂ ਰੁਪਏ ਉਜਾੜੇਗਾ ? ਭਗਵੰਤ ਮਾਨ ਜੀ ਤੁਹਾਨੂੰ ਅਤੇ ਤੁਹਾਡੇ ਦਿੱਲੀ ਦੇ ਬੋਸਾਂ ਨੂੰ ਹੁਣ ਸਰਕਟ ਹਾਊਸ ਪਸੰਦ ਆਉਣੋਂ ਹਟ ਗਏ ਹਨ ? ਜੇ ਥੋੜੀ ਬਹੁਤ ਸ਼ਰਮ ਬਾਕੀ ਹੈ ਤਾਂ ਇਹ ਸਾਰਾ ਬਿਲ ਆਮ ਆਦਮੀ ਪਾਰਟੀ ਦੇ ਫੰਡ ਵਿੱਚੋਂ ਭਰੋ’।

ਸੁਖਪਾਲ ਖਹਿਰਾ ਦੀ ਨਸੀਹਤ

ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ‘ਜੇਕਰ ਦੋਵੇਂ ਸੱਚੇ ਆਮ ਆਦਮੀ ਹਨ ਤਾਂ ਬਿਲ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਆਪ ਭਰਨ। ਇੱਕ ਦਿਨ ਵਿੱਚ ਲੱਖਾਂ ਦੇ ਬਿੱਲਾਂ ਲਈ ਪਬਲਿਕ ਮਨੀ ਕਿਉਂ ਯੂਜ ਹੋਈ ? ਖਹਿਰਾ ਨੇ ਪੁੱਛਿਆ 1 ਕਿਲੋਮੀਟਰ ਦੀ ਦੂਰੀ ‘ਤੇ ਬਣੇ ਸਰਕਟ ਹਾਊਸ ਵਿੱਚ ਕਿਉਂ ਨਹੀ ਗਏ’।