Punjab

‘ਜੇ ਸਾਡਾ ਨੇਤਾ ਇਮਾਨਦਾਰ ਹੈ ਤਾਂ ਚਿੰਤਾ ਦੀ ਕੀ ਲੋੜ’, ਖਹਿਰਾ ਤੇ ਵੜਿੰਗ ‘ਚ ਮਤਭੇਦ ?

Disagreement in Khaira and Waring?

ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਮਾਮਲੇ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਲਈ ਪਾਰਟੀ ਦੇ ਕੇਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰੋ ਕਿਉਂਕਿ ਪੰਜਾਬ ਦੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ , ਐਲਐਸਡੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ , ਜਿਨ੍ਹਾਂ ‘ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਖਹਿਰਾ ਨੇ ਉਹਨਾਂ ਖਿਲਾਫ ਹੋਈ ਈਡੀ ਦੀ ਕਾਰਵਾਈ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਈਡੀ ਦਾ ਸਾਹਮਣਾ ਕੀਤਾ ਕਿਉਂਕਿ ਮੈਂ ਸੱਚਾ ਸੀ। ਭੁਲੱਥ ਦੇ ਲੋਕਾਂ ਨੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡਾ ਨੇਤਾ ਇਮਾਨਦਾਰ ਹੈ ਤਾਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਰਾਜਾ ਵੜਿੰਗ ਵੱਲੋਂ ਭਾਰਤ ਭੂਸ਼ਣ ਆਸ਼ੂ ਲਈ ਵਿਜੀਲੈਂਸ ਭਵਨ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਰਾਜਾ ਵੜਿੰਗ ਨੇ ਇਸ ਗ੍ਰਿਫ਼ਤਾਰੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਗ੍ਰਿਫ਼ਤਾਰੀ ਚੋਰਾਂ ਵਾਂਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਆਸ਼ੂ ਵਿਰੁੱਧ 2000 ਕਰੋੜ ਰੁਪਏ ਦੇ ਟੈਂਡਰ ਘਪਲੇ ਵਿੱਚ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਦਾ ਨੁਕਸਾਨ ਹੀ ਹੋਵੇਗਾ।

ਹਰ ਰੋਜ਼ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਿਜੀਲੈਂਸ ਦਫ਼ਤਰ ਦੇ ਬਿਲਕੁਲ ਸਾਹਮਣੇ ਨਗਰ ਕੌਂਸਲ ਦੇ ਪਾਰਕ ਵਿੱਚ ਧਰਨਾ ਦੇ ਰਹੀ ਹੈ। ਜ਼ਿਲ੍ਹਾ ਪੁਲੀਸ ਨੇ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ ਹੈ ਕਿ 4 ਤੋਂ ਵੱਧ ਵਿਅਕਤੀ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ ਪਰ ਪੁਲੀਸ ਦਾ ਇਹ ਹੁਕਮ ਵੀ ਕਾਂਗਰਸੀਆਂ ਦੇ ਸਾਹਮਣੇ ਕਾਗਜ਼ੀ ਸਾਬਤ ਹੋ ਰਿਹਾ ਹੈ।Post

2000 ਕਰੋੜ ਦੇ ਟਰਾਂਸਪੋਰਟੇਸ਼ਨ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਆਸ਼ੂ ਦਾ ਰਿਮਾਂਡ ਅੱਜ ਖ਼ਤਮ ਹੋ ਗਿਆ ਹੈ ਅਤੇ ਵਿਜੀਲੈਂਸ ਅੱਜ ਭਾਰਤ ਭੂਸ਼ਣ ਆਸ਼ੂ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਮੰਗੇਗੀ। ਦੱਸਿਆ ਜਾ ਰਿਹਾ ਹੈ ਕਿ 4 ਦਿਨਾਂ ਦੇ ਰਿਮਾਂਡ ‘ਚ ਸਾਬਕਾ ਮੰਤਰੀ ਆਸ਼ੂ ਨੇ ਵਿਜੀਲੈਂਸ ਨੂੰ ਕੋਈ ਸਹਿਯੋਗ ਨਹੀਂ ਦਿੱਤਾ। ਵਿਜੀਲੈਂਸ ਵੱਲੋਂ ਇਹ ਗ੍ਰਿਫਤਾਰੀ ਠੇਕੇਦਾਰ ਤੇਲੂ ਰਾਮ ਦੇ ਬਿਆਨਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ‘ਤੇ ਐਫਆਈਆਰ ਵਿੱਚ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ ਲੱਗੇ ਹਨ। ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ 22 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ।

ਓਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਵਲੋਂ ਕੀਤੀ ਗ੍ਰਿਫਤਾਰੀ ਬਾਰੇ ਕਿਹਾ ਕਿ ਸਬੂਤ ਹਨ, ਇਸ ਲਈ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਆ ਕੇ ਕਹਿੰਦੇ ਸੀ ਸਾਨੂੰ ਫੜ੍ਹ ਲਓ, ਇਸ ਲਈ ਫੜ੍ਹ ਲਿਆ ਹੈ। ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ, ਉਨ੍ਹਾਂ ਤੋਂ ਹਿਸਾਬ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਇਸਦੇ ਪਿੱਛੇ ਕੋਈ ਸਿਆਸੀ ਬਦਲਾਖੋਰੀ ਨਹੀਂ ਹੈ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।