ਬਿਊਰੋ ਰਿਪੋਰਟ : ਵਿੱਤ ਮੰਤਰੀ ਹਰਪਾਲ ਚੀਮਾ ਜਿਸ ਦਿੱਲੀ ਦੀ ਐਕਸਾਇਜ਼ ਪਾਲਿਸੀ ਦੀ ਤਰਜ਼ ‘ਤੇ ਪੰਜਾਬ ਦਾ ਖਜ਼ਾਨ ਭਰਨ ਦਾ ਦਾਅਵਾ ਕਰ ਰਹੇ ਸਨ, ਹੁਣ ਉਹੀ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਐਕਸਾਇਜ਼ ਘੁਟਾਲੇ ਵਿੱਚ CBI ਰੇਡ ਤੋਂ ਬਾਅਦ ਅਕਾਲੀ ਦਲ ਨੇ ਮਾਨ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਨਵੀਂ ਐਕਸਾਇਜ਼ ਪਾਲਿਸੀ ਨਾਲ 500 ਕਰੋੜ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਿਰਫ਼ 2 ਹੋਲਸੇਲਰ ਬਣਾਏ ਗਏ। ਉਨ੍ਹਾਂ ਦਾ ਕਮਿਸ਼ਨ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤਾ ਗਿਆ ਅਤੇ 500 ਕਰੋੜ ਸਿੱਧੇ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾ ਦਿੱਤੇ ਗਏ।
CBI ਜਾਂਚ ਦੀ ਮੰਗ
ਸੁਖਬੀਰ ਬਾਦਲ ਨੇ ਕਿਹਾ ਕਿਉਂਕਿ ਪੰਜਾਬ ਦੀ ਨਵੀਂ ਐਕਸਾਇਜ਼ ਪਾਲਿਸੀ ਦਿੱਲੀ ਦੀ ਤਰਜ਼ ‘ਤੇ ਬਣਾਈ ਗਈ ਹੈ, ਇਸ ਲਈ CBI ਅਤੇ ED ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਦੇ LG ਨੇ ਐਕਸਾਇਜ਼ ਪਾਲਿਸੀ ਦੀ ਜਾਂਚ CBI ਨੂੰ ਸੌਂਪੀ ਹੈ, ਉਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਨੂੰ ਵੀ ਸੂਬੇ ਦੀ ਐਕਸਾਇਜ਼ ਪਾਲਿਸੀ ਦੀ ਜਾਂਚ CBI ਨੂੰ ਸੌਂਪਣੀ ਚਾਹੀਦੀ ਹੈ। ਇਸ ਦੇ ਲਈ ਉਹ ਹੁਣ ਰਾਜਪਾਲ ਨਾਲ ਜਲਦ ਮੁਲਾਕਾਤ ਕਰਨਗੇ।
ਪਹਿਲਾਂ 100 ਹੋਲਸੇਲਰ ਹੁੰਦੇ ਸਨ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਦਾਅਵਾ ਹੈ ਕਿ ਪਹਿਲਾਂ ਸ਼ਰਾਬ ਬਣਾਉਣ ਵਾਲੇ, L1 ਯਾਨੀ ਹੋਲਸੇਲਰ ਅਤੇ ਰਿਟੇਲਰ ਯਾਨੀ 3 ਤਰ੍ਹਾਂ ਨਾਲ ਕੰਮ ਹੁੰਦਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ L1 ਯਾਨਿ ਹੋਲਸੇਲਰ ਨੂੰ ਕਾਬੂ ਕਰ ਲਿਆ। ਪਹਿਲਾਂ 50 ਤੋਂ 100 ਹੋਲਸੇਲਰ L1 ਵਿੱਚ ਹੁੰਦੇ ਸਨ। ਉਹ ਸਾਰੀਆਂ ਕੰਪਨੀਆਂ ਦੀ ਸ਼ਰਾਬ ਆਪਣੇ ਕੋਲ ਰੱਖ ਕੇ ਰਿਟੇਲਰ ਨੂੰ ਵੇਚ ਦੇ ਸਨ। ਰਿਟੇਲਰ ਤੋਂ ਮੌਕਾ ਹੁੰਦਾ ਸੀ ਕਿ ਉਸੇ ਹੋਲਸੇਲਰ ਤੋਂ ਸ਼ਰਾਬ ਖਰੀਦ ਦਾ ਸੀ, ਜਿਸ ਕੋਲੋੋਂ ਸਸਤੀ ਮਿਲੇ। ਹੁਣ ਰਿਟੇਲਰ ਕੋਲ ਕੋਈ ਬਦਲ ਨਹੀਂ ਬਚਿਆ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ L1 ਹੋਲਸੇਲਰ ਲਗਾਏ। ਉਨ੍ਹਾਂ ਨੇ ਸ਼ਰਤਾਂ ਲਗਾਈਆਂ ਕਿ ਮੈਨਯੂਫੈਕਚਰ ਅਤੇ ਰਿਟੇਲਰ L1 ਯਾਨੀ ਹੋਲਸੇਲਰ ਦਾ ਲਾਇਸੈਂਸ ਨਹੀਂ ਲੈ ਸਕਦੇ ਹਨ। ਇਸ ਤੋਂ ਇਲਾਵਾ ਹੋਲਸੇਲਰ ਦੇ ਲਈ 3 ਸਾਲ ਵਿੱਚ ਲਗਾਤਾਰ 30 ਕਰੋੜ ਦਾ ਟਰਨ ਓਵਰ ਹੋਣਾ ਚਾਹੀਦਾ ਹੈ। ਇੱਕ ਵਿਅਕਤੀ 1 ਹੀ L1 ਲੈ ਸਕਦਾ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਹੈ ਕਿ ਜਿਨ੍ਹਾਂ ਨੂੰ ਦਿੱਲੀ ਵਿੱਚ L1 ਮਿਲਿਆ ਸੀ, ਉਨ੍ਹਾਂ ਨੂੰ ਪੰਜਾਬ ਵਿੱਚ ਵੀ ਮਿਲਿਆ। ਇਸ ਵਿੱਚ ਦਿੱਲੀ ਦੀ ਇੱਕ ਫਰਮ ਖਿਲਾਫ਼ ਪਰਚਾ ਵੀ ਦਰਜ ਹੋਇਆ ਹੈ।