Punjab

ਪੁਲਿਸ ਨੇ ਬਿਜਲੀ ਮੁਲਾਜ਼ਮ ਦਾ ਚਲਾਨ ਕੱਟਿਆ ਤਾਂ ਉਸ ਨੇ ਪੂਰੇ ਥਾਣੇ ਨੂੰ ਸਬਕ ਸਿਖਾ ਦਿੱਤਾ ! ਵੀਡੀਓ ਵਾਇਰਲ

‘ਦ ਖ਼ਾਲਸ ਬਿਊਰੋ :- ਬਿਜਲੀ ਅਤੇ ਪੁਲਿਸ ਮੁਲਾਜ਼ਮ ਵਿਚਾਲੇ ਇੱਕ ਦੂਜੇ ਨੂੰ ਸਬਕ ਸਿਖਾਉਣ ਦੀ ਇੱਕ ਲੜਾਈ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਦੋਵੇਂ ਹੀ ਇੱਕ ਦੂਜੇ ‘ਤੇ ਪਰੇਸ਼ਾਨ ਕਰਨ ਦਾ ਇਲਜ਼ਾਮ ਲਾ ਰਹੇ ਹਨ। ਇਸ ਲੜਾਈ ਨਾਲ ਜੁੜਿਆ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਜਨਤਾ ਵੀ ਆਪੋ ਆਪਣੇ ਤਰੀਕੇ ਨਾਲ ਸਵਾਦ ਲੈ ਰਹੀ ਹੈ। ਜ਼ਿਆਦਾਤਰ ਯੂਜ਼ਰ ਪੁਲਿਸ ਮੁਲਾਜ਼ਮ ਨੂੰ ਹੀ ਘੇਰ ਰਹੇ ਹਨ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦਾ ਹੈ, ਜਿੱਥੇ ਇੱਕ ਲਾਈਨ ਮੈਨ ਦਾ ਟਰੈਫਿਕ ਪੁਲਿਸ ਵੱਲੋਂ ਚਲਾਨ ਕੱਟ ਦਿੱਤਾ ਸੀ। ਉਸ ਨੇ ਆਪਣੀ ਗਲਤੀ ਮੰਨੀ ਅਤੇ ਪੁਲਿਸ ਮੁਲਾਜ਼ਮ ਨੂੰ ਹੱਥ ਜੋੜੇ ਪਰ ਟਰੈਫਿਕ ਪੁਲਿਸ ਨੇ ਬਾਕੀ ਸਭ ਨੂੰ ਜਾਣ ਦਿੱਤਾ ਪਰ ਬਿਜਲੀ ਮਹਿਕਮੇ ਵਿੱਚ ਹੋਣ ਦੀ ਵਜ੍ਹਾ ਕਰਕੇ ਉਸਦਾ ਚਲਾਨ ਮੁਆਫ ਨਹੀਂ ਕੀਤਾ। ਜਦੋਂ ਹੁਣ ਲਾਈਨ ਮੈਨ ਨੂੰ ਮੌਕਾ ਮਿਲਿਆ ਤਾਂ ਉਸ ਨੇ ਪੂਰੇ ਥਾਣੇ ਨੂੰ ਸਬਕ ਸਿਖਾ ਦਿੱਤਾ ਹੈ।

ਪੁਲਿਸ ਨੇ ਲਾਈਨ ਮੈਨ ਦਾ ਇਸ ਵਜ੍ਹਾ ਨਾਲ ਚਲਾਨ ਕੱਟਿਆ

ਲਾਈਨ ਮੈਨ ਮਹਿਤਾਬ ਮੁਤਾਬਿਕ ਉਹ ਬਿਜਲੀ ਠੀਕ ਕਰਕੇ ਆ ਰਿਹਾ ਸੀ। ਜਲਬਾਜ਼ੀ ਵਿੱਚ ਹੈਲਮੇਟ ਨਾ ਪਾਉਣ ‘ਤੇ ਟਰੈਫਿਕ ਪੁਲਿਸ ਮੁਲਾਜ਼ਮ ਨੇ 6 ਹਜ਼ਾਰ ਦਾ ਚਲਾਨ ਕੱਟ ਦਿੱਤਾ ਜਦਕਿ ਉਸ ਦੀ ਤਨਖਾਹ ਸਿਰਫ਼ 5 ਹਜ਼ਾਰ ਹੈ। ਮਹਿਤਾਬ ਮੁਤਾਬਿਕ ਟਰੈਫਿਕ ਪੁਲਿਸ ਮੁਲਾਜ਼ਮ ਨੇ ਹੈਲਮੇਟ ਨਾ ਪਾਉਣ ਵਾਲੇ ਹੋਰ ਲੋਕਾਂ ਨੂੰ ਜਾਣ ਦਿੱਤਾ ਜਦਕਿ ਉਸ ਦੀ ਵਾਰੀ ਕਿਹਾ ਕਿ ਬਿਜਲੀ ਮੁਲਾਜ਼ਮ ਲੁੱਟ ਕਰਦੇ ਹਨ। ਤੁਸੀਂ ਜ਼ਿਆਦਾ ਬਿਲ ਭੇਜ ਦੇ ਹੋ ਅਤੇ ਬਿਜਲੀ ਮੁਲਾਜ਼ਮ ਹੋ ਤਾਂ ਚਲਾਨ ਜ਼ਰੂਰ ਕੱਟਿਆ ਜਾਵੇਗਾ। ਪੁਲਿਸ ਮੁਲਾਜ਼ਮ ਦੀ ਗੱਲ ਸੁਣਨ ਤੋਂ ਬਾਅਦ ਜਦੋਂ ਉਹ ਦਫਤਰ ਪਹੁੰਚਿਆ ਤਾਂ ਉਸ ਦੇ ਹੱਥ ਕੁਝ ਅਜਿਹਾ ਲੱਗਿਆ ਕਿ ਟਰੈਫਿਕ ਪੁਲਿਸ ਮੁਲਾਜ਼ਮ ਦੀ ਇਸ ਹਰਕਤ ਦਾ ਖਾਮਿਆਜ਼ਾ ਪੂਰੇ ਥਾਣੇ ਨੂੰ ਭੁਗਤਨਾ ਪਿਆ।

ਲਾਈਨ ਮੈਨ ਨੇ ਥਾਣੇ ਦੀ ਬਿਜਲੀ ਕੱਟੀ

ਲਾਈਨ ਮੈਨ ਮਹਿਤਾਬ ਜਦੋਂ ਦਫ਼ਤਰ ਪਹੁੰਚਿਆ ਤਾਂ ਉਸ ਨੇ ਪੂਰੀ ਗੱਲ ਆਪਣੇ ਸਾਥੀਆਂ ਨੂੰ ਦੱਸੀ ਕਿ ਟਰੈਫਿਕ ਮੁਲਾਜ਼ਮ ਨੇ ਕਿਸ ਵਜ੍ਹਾ ਨਾਲ ਉਸ ਦਾ ਚਲਾਨ ਕੱਟਿਆ ਹੈ। ਗੁੱਸੇ ਵਿੱਚ ਸਾਥੀ ਮੁਲਾਜ਼ਮਾਂ ਨੇ ਜਦੋਂ ਥਾਣੇ ਦਾ ਬਿਲ ਚੈੱਕ ਕੀਤਾ ਤਾਂ ਉਹ ਕਾਫੀ ਮਹੀਨਿਆਂ ਤੋਂ ਪੈਂਡਿੰਗ ਸੀ। ਬਸ ਫਿਰ ਕੀ ਸੀ ਲਾਈਨ ਮੈਨ ਮਹਿਤਾਬ ਨੇ ਥਾਣੇ ਦੀ ਬਿਜਲੀ ਕੱਟ ਦਿੱਤੀ ਅਤੇ ਹੁਣ ਗਰਮੀ ਵਿੱਚ ਪੂਰੇ ਥਾਣੇ ਦੇ ਮੁਲਾਜ਼ਮ ਬੈਠੇ ਹਨ। ਬਿਜਲੀ ਦੇ ਪੋਲ ‘ਤੇ ਥਾਣੇ ਦੀ ਬਿਜਲੀ ਕੱਟਣ ਦਾ ਲਾਈਨ ਮੈਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜ਼ਿਆਦਾਤਰ ਲੋਕ ਕਹਿ ਰਹੇ ਹਨ ਕਿ ਲਾਈਨ ਮੈਨ ਨੇ ਠੀਕ ਕੀਤਾ, ਇਹ ਸਬਕ ਹੈ ਉਨ੍ਹਾਂ ਪੁਲਿਸ ਮੁਲਾਜ਼ਮਾਂ ਲਈ ਜੋ ਬੇਵਜ੍ਹਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਕਈ ਲੋਕਾਂ ਨੇ ਸਵਾਲ ਕੀਤਾ ਕਿ ਆਮ ਲੋਕਾਂ ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ‘ਤੇ ਉਨ੍ਹਾਂ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਤਾਂ ਥਾਣੇ ਦੀ ਬਿਜਲੀ ਕਿਉਂ ਨਹੀਂ ਕੱਟੀ ਜਾ ਸਕਦੀ ਹੈ।