ਚੰਡੀਗੜ੍ਹ-ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦੀ ਇੱਕ ਹੋਰ ਮਾਰ ਝੱਲਣੀ ਪਵੇਗੀ। ਅਮੂਲ, ਮਦਰ ਡੇਅਰੀ ਤੋਂ ਬਾਅਦ ਹੁਣ ਵੇਰਕਾ ਦਾ ਦੁੱਧ ਵੀ ਮਹਿੰਗਾ ਹੋ ਗਿਆ ਹੈ। ਹੁਣ ਗਾਹਕਾਂ ਨੂੰ ਮਦਰ ਡੇਅਰੀ ਦੁੱਧ ਖਰੀਦਣ ਲਈ ਵਧੀ ਹੋਈ ਕੀਮਤ ਅਦਾ ਕਰਨੀ ਪਵੇਗੀ। ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਂਆਂ ਕੀਮਤਾਂ 19 ਅਗਸਤ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਬੀਤੇ ਦਿਨੀਂ ਅਮੂਲ, ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਮਹਿੰਗੀ ਕਰ ਦਿੱਤਾ ਹੈ।ਪਹਿਲਾਂ ਫੁੱਲ ਕਰੀਮ ਦੀ ਕੀਮਤ 59 ਰੁਪਏ ਸੀ ਜੋ ਹੁਣ 61 ਰੁਪਏ ਹੋ ਗਈ ਹੈ।ਨਵੀਆਂ ਕੀਮਤਾਂ ਕੱਲ੍ਹ ਤੋਂ ਲਾਗੂ ਹੋਣਗੀਆਂ।ਚਾਰੇ ਅਤੇ ਖਾਦ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਭਾਰਤੀ ਡੇਅਰੀ ਅਤੇ ਪਸ਼ੂ ਪਾਲਕ ਮੁਸ਼ਕਿਲ ਨਾਲ ਆਪਣੀਆਂ ਲਾਗਤਾਂ ਦੀ ਵਸੂਲੀ ਕਰ ਰਹੇ ਹਨ। ਇਹ ਵਧੀ ਹੋਈ ਲਾਗਤ ਡੇਅਰੀ ਕੰਪਨੀਆਂ ‘ਤੇ ਪਾ ਦਿੱਤੀ ਗਈ ਹੈ ਅਤੇ ਹੁਣ ਖਪਤਕਾਰਾਂ ਨੂੰ ਵੀ ਦੁੱਧ ‘ਤੇ ਥੋੜ੍ਹਾ ਵਾਧੂ ਖਰਚ ਕਰਨਾ ਪਵੇਗਾ।
ਦੱਸ ਦੇਈਏ ਕਿ ਕੰਪਨੀਆਂ ਨੇ ਪਿਛਲੇ ਮਹੀਨੇ ਹੀ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਦਹੀਂ ‘ਤੇ GAT ਲਗਾਏ ਜਾਣ ਕਾਰਨ ਇਸ ਦੀ ਕੀਮਤ ‘ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਡੇਅਰੀ ਕੰਪਨੀਆਂ ਵੱਖ-ਵੱਖ ਇਨਪੁਟ ਲਾਗਤਾਂ ਵਿੱਚ ਵਾਧੇ ਦਾ ਅਨੁਭਵ ਕਰ ਰਹੀਆਂ ਹਨ, ਜਿਸ ਵਿੱਚ ਪਿਛਲੇ ਪੰਜ ਮਹੀਨਿਆਂ ਦੌਰਾਨ ਕਈ ਗੁਣਾ ਵਾਧਾ ਹੋਇਆ ਹੈ।
ਬੀਤੇ ਦਿਨ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਅਮੂਲ ਦੁੱਧ ਦੀ ਕੀਮਤ ਵਿੱਚ 2 ਰੁਪਏ ਦੇ ਵਾਧੇ ਤੋਂ ਬਾਅਦ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੂਲ ਤਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ।ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਹੁਣ ਅਮੂਲ ਗੋਲਡ 62 ਰੁਪਏ ਪ੍ਰਤੀ ਲੀਟਰ, ਅਮੂਲ ਸ਼ਕਤੀ 56 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਤਾਜ਼ਾ 50 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।
ਇਸ ਸਬੰਧੀ ਫੈਡਰੇਸ਼ਨ ਨੇ ਕਿਹਾ ਸੀ ਕਿ ਵੱਧ ਰਹੀ ਮਹਿੰਗਾਈ ਦੇ ਮੁਕਾਬਲੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਬਹੁਤ ਘੱਟ ਹੈ। ਡੇਅਰੀ ਫੈਡਰੇਸ਼ਨ ਨੇ ਕਿਹਾ ਸੀ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਧਾਉਣਾ ਜ਼ਰੂਰੀ ਸੀ। ਪਸ਼ੂਆਂ ਦਾ ਚਾਰਾ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਮਹਿੰਗਾ ਹੋ ਗਿਆ ਹੈ, ਜਦੋਂ ਕਿ ਅਸੀਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ 8-9 ਫੀਸਦੀ ਵੱਧ ਭੁਗਤਾਨ ਵੀ ਕਰ ਰਹੇ ਹਾਂ। ਅਜਿਹੇ ਵਿੱਚ ਸਾਡੇ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।